ਇੰਡੋਨੇਸ਼ੀਆ ਵਿਚ ਭਾਰੀ ਭੂਚਾਲ ਕਾਰਣ 51 ਮੌਤਾਂ, ਹਜ਼ਾਰਾਂ ਬੇਘਰ

ਪੂਰਬੀ ਇੰਡੋਨੇਸ਼ੀਆ ਵਿੱਚ ਐਤਵਾਰ ਨੂੰ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਵੱਡੀ ਪੱਧਰ ‘ਤੇ ਤਬਾਹੀ ਮਚੀ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਬਚਾਅ ਟੀਮਾਂ ਨੇ ਚਾਰ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 51 ਹੋ ਗਈ ਹੈ। ਇਸ ਭਿਆਨਕ ਕੁਦਰਤੀ ਆਫ਼ਤ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ, ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5:58 ਵਜੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

ਸੁਨਾਮੀ ਦੀ ਚਿਤਾਵਨੀ ਜਾਰੀ ਹੋਣ ਤੋਂ ਬਾਅਦ ਲੋਕਾਂ ਵਿੱਚ ਘਬਰਾਹਟ ਫੈਲ ਗਈ, ਹਾਲਾਂਕਿ ਬਾਅਦ ਵਿੱਚ ਇਸਨੂੰ ਵਾਪਸ ਲੈ ਲਿਆ ਗਿਆ। ਮੌਸਮ ਵਿਗਿਆਨ ਏਜੰਸੀ ਨੇ ਘੱਟੋ-ਘੱਟ 235 ਝਟਕੇ ਮਹਿਸੂਸ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਦਸੇ ਵਿੱਚ 101 ਲੋਕ ਜ਼ਖਮੀ ਹੋਏ ਹਨ। 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 450 ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਲਗਭਗ 5,000 ਲੋਕਾਂ ਨੂੰ ਅਸਥਾਈ ਆਸਰਾ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ।

ਪ੍ਰਭਾਵਿਤ ਖੇਤਰ ਅਤੇ ਰਾਹਤ ਕਾਰਜ

ਕੈਥੋਲਿਕ ਬਹੁਗਿਣਤੀ ਵਾਲੇ ਫਲੋਰਸ ਟਾਪੂ ਦੇ 6 ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਮੰਗਗਰਾਈ, ਪੂਰਬੀ ਮੰਗਗਰਾਈ ਅਤੇ ਨਾਗੇਕੋ ਸ਼ਾਮਲ ਹਨ।

ਕੋਮੋਡੋ ਨੈਸ਼ਨਲ ਪਾਰਕ ਦੇ ਪ੍ਰਵੇਸ਼ ਦੁਆਰ ਲਾਬੂਆਨ ਬਾਜੋ ਵਿਖੇ ਹਜ਼ਾਰਾਂ ਲੋਕਾਂ ਨੇ ਡਰ ਕਾਰਨ ਖੁੱਲ੍ਹੇ ਆਸਮਾਨ ਹੇਠ ਰਾਤ ਬਿਤਾਈ। ਜ਼ਮੀਨ ਖਿਸਕਣ ਕਾਰਨ ਟ੍ਰਾਂਸ-ਫਲੋਰਸ ਹਾਈਵੇਅ ਦੇ ਕਈ ਹਿੱਸੇ ਬੰਦ ਹੋ ਗਏ ਹਨ।

ਇਸ ਸਮੇਂ ਸਰਕਾਰ ਅਤੇ ਬਚਾਅ ਟੀਮਾਂ ਦੀਆਂ ਮੁੱਖ ਚੁਣੌਤੀਆਂ ਬਿਜਲੀ ਤੇ ਸੰਚਾਰ ਪ੍ਰਣਾਲੀਆਂ ਨੂੰ ਬਹਾਲ ਕਰਨਾ ਅਤੇ ਜ਼ਮੀਨ ਖਿਸਕਣ ਕਾਰਨ ਅਲੱਗ-ਥਲੱਗ ਹੋਏ ਦੂਰ-ਦੁਰਾਡੇ ਦੇ ਪਿੰਡਾਂ ਤੱਕ ਤੁਰੰਤ ਰਾਹਤ ਸਮੱਗਰੀ ਪਹੁੰਚਾਉਣਾ ਹੈ।