ਹੋਲਾ ਮਹੱਲਾ: ਸ੍ਰੀ ਅਨੰਦਪੁਰ ਸਾਹਿਬ ਵਿਖੇ ਦੇਸ਼ ਦੀ ਪਹਿਲੀ ‘ਆਲ ਵੈਦਰ’ ਟੈਂਟ ਸਿਟੀ ਤਿਆਰ, ਸ਼ਰਧਾਲੂਆਂ ਨੂੰ ਮਿਲਣਗੀਆਂ ਸ਼ਾਨਦਾਰ ਸਹੂਲਤਾਂ

ਸ੍ਰੀ ਅਨੰਦਪੁਰ ਸਾਹਿਬ: ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਮੌਕੇ ਸੰਗਤਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ ਲਈ ਦੇਸ਼ ਦੀ ਪਹਿਲੀ ਸਥਾਈ (Permanent) ‘ਆਲ ਵੈਦਰ’ ਟੈਂਟ ਸਿਟੀ ਸਥਾਪਿਤ ਕੀਤੀ ਗਈ ਹੈ

300 ਕਮਰਿਆਂ ਦੀ ਟੈਂਟ ਸਿਟੀ: ਸਾਲ ਭਰ ਮਿਲੇਗੀ ਸਹੂਲਤ
ਇਸ ਟੈਂਟ ਸਿਟੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਮੇਲੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਪੂਰਾ ਸਾਲ ਸੰਗਤਾਂ ਲਈ ਖੁੱਲ੍ਹੀ ਰਹੇਗੀ।

ਏਅਰ ਕੰਡੀਸ਼ਨਡ ਸਹੂਲਤ: ਇਹ ਦੇਸ਼ ਦੀ ਪਹਿਲੀ ਅਜਿਹੀ ਟੈਂਟ ਸਿਟੀ ਹੈ ਜੋ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੈ।

ਆਸਾਨ ਬੁਕਿੰਗ: ਸੰਗਤਾਂ ਦੀ ਸਹੂਲਤ ਲਈ ਜਲਦੀ ਹੀ ਇੱਕ ਵਿਸ਼ੇਸ਼ ਪੋਰਟਲ ਅਤੇ ਮੋਬਾਈਲ ਐਪ ਲਾਂਚ ਕੀਤੀ ਜਾਵੇਗੀ।

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ: ਇਸ ਸਿਟੀ ਨੂੰ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਨਾਲ ਵੀ ਜੋੜਿਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਇਸ ਦਾ ਲਾਭ ਲੈ ਸਕਣ।

ਪਰਿਆਵਰਣ ਪੱਖੀ ਹੋਲਾ ਮਹੱਲਾ: ਪਲਾਸਟਿਕ ‘ਤੇ ਪੂਰਨ ਪਾਬੰਦੀ, ਇਸ ਵਾਰ ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸਿੰਗਲ ਯੂਜ਼ ਪਲਾਸਟਿਕ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ

ਲੰਗਰਾਂ ਵਿੱਚ ਵਰਤੇ ਜਾਣ ਵਾਲੇ ਪਲੇਟਾਂ ਅਤੇ ਕੱਪਾਂ ਦਾ ਸਾਰਾ ਖਰਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੁੱਕਿਆ ਜਾਵੇਗਾ ਤਾਂ ਜੋ ਬਾਇਓਡੀਗ੍ਰੇਡੇਬਲ (ਵਾਤਾਵਰਣ ਪੱਖੀ) ਸਮੱਗਰੀ ਦੀ ਵਰਤੋਂ ਹੋ ਸਕੇ।

ਟਰੈਕਟਰ-ਟਰਾਲੀਆਂ ਲਈ ਵਿਸ਼ੇਸ਼ ਪ੍ਰਬੰਧ
ਦੂਰ-ਦੂਰ ਤੋਂ ਟਰਾਲੀਆਂ ਰਾਹੀਂ ਆਉਣ ਵਾਲੀ ਸੰਗਤ ਲਈ ਸ਼ਹਿਰ ਵਿੱਚ 28 ਪਾਰਕਿੰਗ ਜ਼ੋਨ ਅਤੇ ਦੋ ਵਿਸ਼ੇਸ਼ ‘ਟਰਾਲੀ ਸਿਟੀਆਂ’ ਬਣਾਈਆਂ ਗਈਆਂ ਹਨ।

ਮਾਝਾ-ਦੋਆਬਾ ਦੀ ਸੰਗਤ ਲਈ ਚਰਨ ਗੰਗਾ ਨੇੜੇ ਅਤੇ ਮਾਲਵਾ-ਚੰਡੀਗੜ੍ਹ ਦੀ ਸੰਗਤ ਲਈ ਝਿੰਝੜੀ ਵਿਖੇ ਰਿਹਾਇਸ਼ੀ ਕੇਂਦਰ ਬਣਾਏ ਗਏ ਹਨ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਜਾਣ ਲਈ 100 ਈ-ਰਿਕਸ਼ਾ ਫ੍ਰੀ ਸੇਵਾ ਵਜੋਂ ਚਲਾਏ ਜਾ ਰਹੇ ਹਨ।

ਸੁਰੱਖਿਆ ਅਤੇ ਸੁੰਦਰਤਾ
ਪੂਰੀ ਪਵਿੱਤਰ ਨਗਰੀ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ‘ਪੰਜ ਪਿਆਰੇ ਪਾਰਕ’ ਅਤੇ ਭਾਈ ਜੈਤਾ ਜੀ ਅਜਾਇਬ ਘਰ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸੁਰੱਖਿਆ ਲਈ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਥਾਂ-ਥਾਂ ‘ਤੇ ਐਂਬੂਲੈਂਸ ਤੇ ‘ਆਮ ਆਦਮੀ ਕਲੀਨਿਕ’ ਤਾਇਨਾਤ ਕੀਤੇ ਗਏ ਹਨ।

ਵਿਸ਼ੇਸ਼ ਖਿੱਚ: 2 ਅਤੇ 3 ਮਾਰਚ ਦੀ ਸ਼ਾਮ ਨੂੰ ਵਿਰਾਸਤ-ਏ-ਖ਼ਾਲਸਾ ਵਿਖੇ ਸ਼ਾਨਦਾਰ ਆਤਿਸ਼ਬਾਜ਼ੀ ਹੋਵੇਗੀ ਅਤੇ ਸਮਾਗਮ ਦੇ ਲਾਈਵ ਪ੍ਰਸਾਰਣ ਲਈ ਸ਼ਹਿਰ ਵਿੱਚ 20 ਵੱਡੀਆਂ LED ਸਕ੍ਰੀਨਾਂ ਲਗਾਈਆਂ ਗਈਆਂ ਹਨ