ਓਨਟਾਰੀਓ : ਕੈਨੇਡਾ ਦੇ ਲਾਸਾਲੇ ਸ਼ਹਿਰ ਵਿੱਚ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੰਜਾਬੀ ਮੂਲ ਦੀ 45 ਸਾਲਾ ਪ੍ਰਸਿੱਧ ਯੂਟਿਊਬਰ ਅਤੇ ਸੋਸ਼ਲ ਮੀਡੀਆ ਸਟਾਰ ਨੈਂਸੀ ਗਰੇਵਾਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਖ਼ਬਰ ਨੇ ਸਥਾਨਕ ਭਾਈਚਾਰੇ ਅਤੇ ਸੋਸ਼ਲ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ
ਘਟਨਾ ਦਾ ਵੇਰਵਾ
ਲਾਸਾਲੇ ਪੁਲਿਸ ਸਰਵਿਸ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ। ਪੁਲਿਸ ਅਤੇ ਪੈਰਾਮੈਡਿਕਸ ਨੂੰ ਰਾਤ ਕਰੀਬ 9:30 ਵਜੇ ਟੌਡ ਲੇਨ (Todd Lane) ਦੇ 2400 ਬਲਾਕ ਵਿੱਚ ਇੱਕ ਔਰਤ ‘ਤੇ ਹਮਲੇ ਦੀ ਸੂਚਨਾ ਮਿਲੀ ਸੀ। ਜਦੋਂ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ, ਤਾਂ ਉਨ੍ਹਾਂ ਨੇ ਨੈਂਸੀ ਗਰੇਵਾਲ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ। ਉਨ੍ਹਾਂ ਦੇ ਸਰੀਰ ‘ਤੇ ਚਾਕੂਆਂ ਦੇ ਡੂੰਘੇ ਨਿਸ਼ਾਨ ਸਨ
ਉਨ੍ਹਾਂ ਨੂੰ ਤੁਰੰਤ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ।
ਵਿਵਾਦਾਂ ਅਤੇ ਬੇਬਾਕ ਬਿਆਨਾਂ ਕਾਰਨ ਚਰਚਾ ਵਿੱਚ ਸੀ ਨੈਂਸੀ
ਨੈਂਸੀ ਗਰੇਵਾਲ ਸੋਸ਼ਲ ਮੀਡੀਆ ‘ਤੇ ਆਪਣੇ ਤਿੱਖੇ ਅਤੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਸੀ।
ਉਹ ਭਾਰਤ-ਕੈਨੇਡਾ ਸਬੰਧਾਂ ‘ਤੇ ਅਕਸਰ ਆਪਣੀ ਰਾਏ ਰੱਖਦੀ ਸੀ। ਉਸ ਨੇ ਕਈ ਵਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਖਾਲਿਸਤਾਨੀ ਪੱਖੀ ਅਨਸਰਾਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਪੰਜਾਬ ਦੀ ਰਾਜਨੀਤੀ ਅਤੇ ਕੁਝ ਧਾਰਮਿਕ ਸ਼ਖਸੀਅਤਾਂ ਵਿਰੁੱਧ ਵੀ ਉਹ ਆਪਣੇ ਵਿਚਾਰ ਸਪੱਸ਼ਟਤਾ ਨਾਲ ਸਾਂਝੇ ਕਰਦੀ ਰਹੀ ਸੀ
ਇਸ ਤੋਂ ਇਲਾਵਾ, ਉਹਨਾਂ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਰੁੱਧ ਵੀ ਸੋਸ਼ਲ ਮੀਡੀਆ ‘ਤੇ ਕਈ ਵਾਰ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ, ਜਿਸ ਕਾਰਨ ਉਹ ਅਕਸਰ ਚਰਚਾ ਵਿੱਚ ਰਹਿੰਦੀ ਸੀ। ਹਾਲਾਂਕਿ, ਅਜੇ ਤੱਕ ਪੁਲਿਸ ਨੇ ਕਤਲ ਦੇ ਪਿੱਛੇ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਅਤੇ ਸਾਰੇ ਸੰਭਾਵਿਤ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ
ਪੁਲਿਸ ਨੇ ਜਾਂਚ ਦੇ ਘੇਰੇ ਵਿੱਚ:
ਟੌਡ ਲੇਨ ‘ਤੇ ਸਥਿਤ ਦੋ ਘਰਾਂ ਨੂੰ ਸੀਲ ਕਰ ਦਿੱਤਾ ਹੈ। ਇੱਕ ਨਜ਼ਦੀਕੀ ਜੰਗਲੀ ਇਲਾਕੇ (ਹਰਬ ਗ੍ਰੇ ਪਾਰਕਵੇਅ ਦੇ ਨੇੜੇ) ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਘਟਨਾ ਵਾਲੀ ਥਾਂ ਤੋਂ ਫੋਰੈਂਸਿਕ ਸਬੂਤ ਇਕੱਠੇ ਕੀਤੇ ਗਏ ਹਨ।
ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਸੀਸੀਟੀਵੀ ਫੁਟੇਜ ਜਾਂ ਜਾਣਕਾਰੀ ਹੋਵੇ, ਤਾਂ ਉਹ ਤੁਰੰਤ Det Sgt. Jamie Nestor ਨਾਲ 519-969-5210 ‘ਤੇ ਸੰਪਰਕ ਕਰਨ
ਇਲਾਕੇ ਵਿੱਚ ਵਧਦੀ ਹਿੰਸਾ ਕਾਰਨ ਚਿੰਤਾ
ਜ਼ਿਕਰਯੋਗ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਇਸ ਖੇਤਰ ਵਿੱਚ ਇਹ ਦੂਜਾ ਕਤਲ ਹੈ। ਇਸ ਤੋਂ ਪਹਿਲਾਂ 18 ਫਰਵਰੀ ਨੂੰ ਵਿੰਡਸਰ ਦੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਤਾਰ ਵੀ ਲਾਸਾਲੇ ਨਾਲ ਜੁੜੇ ਹੋਏ ਸਨ


#nancygrewalnews
