ਮੋਹਾਲੀ : ਮੋਹਾਲੀ ਵਿਖੇ ਚੱਲ ਰਹੇ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ’ (Progressive Punjab Investors’ Summit) ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਯੂਕੇ ਸਥਿਤ ਪ੍ਰਮੁੱਖ ਕੰਪਨੀ ‘3 Associates’ ਨੇ ਪੰਜਾਬ ਵਿੱਚ 1,407 ਕਰੋੜ ਰੁਪਏ ਦੇ ਨਿਵੇਸ਼ ਦਾ ਅਧਿਕਾਰਤ ਐਲਾਨ ਕਰ ਦਿੱਤਾ। ਇਹ ਨਿਵੇਸ਼ ਸੂਬੇ ਦੀਆਂ ਉਦਯੋਗ-ਪੱਖੀ ਨੀਤੀਆਂ ਵਿੱਚ ਵਿਸ਼ਵਵਿਆਪੀ ਭਰੋਸੇ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ
ਮੋਹਾਲੀ ‘ਚ ਹੋਇਆ ਇਤਿਹਾਸਕ ਐਲਾਨ
ਪਲਕਸ਼ਾ ਯੂਨੀਵਰਸਿਟੀ ਵਿਖੇ “UK-ਪੰਜਾਬ ਵਪਾਰਕ ਸਾਂਝ” ਵਿਸ਼ੇ ‘ਤੇ ਕਰਵਾਏ ਗਏ ਇੱਕ ਵਿਸ਼ੇਸ਼ ਸੈਸ਼ਨ ਦੌਰਾਨ 3 Associates ਦੇ CEO ਜਸਦੇਵ ਸਾਗਰ ਨੇ ਇਸ ਵੱਡੇ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪ੍ਰੋਜੈਕਟ ਦੇ ਮੁੱਖ ਨੁਕਤੇ:
ਕੁੱਲ ਨਿਵੇਸ਼: ₹1,407 ਕਰੋੜ।
- ਕੁੱਲ ਵਿਕਾਸ ਮੁੱਲ : ਲਗਭਗ ₹4,700 ਕਰੋੜ।
- ਪ੍ਰਭਾਵ: ਇਸ ਪ੍ਰੋਜੈਕਟ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ ਅਤੇ ਡਿਜੀਟਲ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ।
ਸਰਕਾਰ ਦਾ ਪੱਖ: ‘ਨਿਵੇਸ਼ਕਾਂ ਲਈ ਸੁਖਾਵਾਂ ਮਾਹੌਲ’
ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਨਿਵੇਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਿਵੇਸ਼ਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਬਿਹਤਰ ਬੁਨਿਆਦੀ ਢਾਂਚਾ ਅਤੇ ਹੁਨਰਮੰਦ ਨੌਜਵਾਨ ਵਿਦੇਸ਼ੀ ਕੰਪਨੀਆਂ ਨੂੰ ਖਿੱਚ ਰਹੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਆਖਿਆ ਕਿ ਪੰਜਾਬ ਹੁਣ ‘ਐਡਵਾਂਸਡ ਮੈਨੂਫੈਕਚਰਿੰਗ’ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਨੇ ਕੇਮਬ੍ਰਿਜ ਅਤੇ ਆਕਸਫੋਰਡ ਵਰਗੀਆਂ ਬ੍ਰਿਟਿਸ਼ ਯੂਨੀਵਰਸਿਟੀਆਂ ਨਾਲ ਅਕਾਦਮਿਕ ਸਾਂਝੇਦਾਰੀ ਦੀ ਸੰਭਾਵਨਾ ‘ਤੇ ਵੀ ਜ਼ੋਰ ਦਿੱਤਾ।
ਕੰਪਨੀ ਨੇ ਕਿਉਂ ਚੁਣਿਆ ਪੰਜਾਬ?
CEO ਜਸਦੇਵ ਸਾਗਰ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਆਬਾਦੀ, ਮਜ਼ਬੂਤ ਸੰਸਥਾਵਾਂ ਅਤੇ ਸਰਕਾਰ ਦੀਆਂ ਅਗਾਂਹਵਧੂ ਨੀਤੀਆਂ ਨੇ ਉਨ੍ਹਾਂ ਨੂੰ ਇੱਥੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਪੰਜਾਬ ਨੂੰ ਲੰਬੇ ਸਮੇਂ ਦੇ ਵਿਕਾਸ ਲਈ ਇੱਕ ‘ਪ੍ਰੋਮਿਸਿੰਗ ਡੈਸਟੀਨੇਸ਼ਨ’ ਦੱਸਿਆ।
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਅਲਬਾ ਸਮੇਰੀਗਲਿਓ ਨੇ ਵੀ ਪੰਜਾਬ ਅਤੇ ਯੂਕੇ ਦੀ ਸਾਂਝ ਨੂੰ ਮਜ਼ਬੂਤ ਦੱਸਦਿਆਂ ਕਿਹਾ ਕਿ ਆਉਣ ਵਾਲਾ ‘ਭਾਰਤ-ਯੂਕੇ ਆਰਥਿਕ ਅਤੇ ਵਪਾਰਕ ਸਮਝੌਤਾ’ (CETA) ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਨਵਾਂ ਅਧਿਆਏ ਲਿਖੇਗਾ

