ਗੁਰੂਗ੍ਰਾਮ ਪੁਲਿਸ ਨੇ ਇੱਕ ਅਜਿਹੇ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਹੈ ਜੋ ਮੈਟਰੀਮੋਨੀਅਲ ਵੈੱਬਸਾਈਟਾਂ ਰਾਹੀਂ ਮਾਸੂਮ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਨਦੀਮ ਖਾਨ (28) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦਾ ਰਹਿਣ ਵਾਲਾ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਦੀਮ ਸਿਰਫ਼ 12ਵੀਂ ਪਾਸ ਹੈ ਅਤੇ ਗੁਰੂਗ੍ਰਾਮ ਦੇ ਸੈਕਟਰ-86 ਇਲਾਕੇ ਵਿੱਚ ਫਲੈਟ ਕਿਰਾਏ ‘ਤੇ ਦਿਵਾਉਣ ਦਾ ਕੰਮ ਕਰਦਾ ਸੀ। ਉਸਨੇ ਆਪਣਾ ਜਾਲ ਵਿਛਾਉਣ ਲਈ ਕਈ ਤਰੀਕੇ ਅਪਣਾਏ। ਉਸਨੇ ‘Jeevansathi.com’ ਵਰਗੀਆਂ ਸਾਈਟਾਂ ‘ਤੇ ਕਈ ਆਈਡੀਜ਼ ਬਣਾਈਆਂ ਹੋਈਆਂ ਸਨ, ਜਿੱਥੇ ਉਹ ਖੁਦ ਨੂੰ ਇੱਕ ਵੱਡਾ ਕਾਰੋਬਾਰੀ ਦੱਸਦਾ ਸੀ। ਉਹ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਅਤੇ ਆਲੀਸ਼ਾਨ ਰਹਿਣ-ਸਹਿਣ ਦੀਆਂ ਤਸਵੀਰਾਂ ਭੇਜਦਾ ਸੀ। ਵਿਆਹ ਤੋਂ ਬਾਅਦ ਸੁੱਖ-ਸਹੂਲਤਾਂ ਵਾਲੀ ਜ਼ਿੰਦਗੀ ਦੇ ਸੁਪਨੇ ਦਿਖਾ ਕੇ ਉਹ ਕੁੜੀਆਂ ਨੂੰ ਆਪਣੇ ਫਲੈਟ ‘ਤੇ ਬੁਲਾਉਂਦਾ ਸੀ, ਜਿੱਥੇ ਉਹ ਉਨ੍ਹਾਂ ਨਾਲ ਜਬਰ-ਜਨਾਹ (ਰੇਪ) ਵਰਗੀ ਘਿਨਾਉਣੀ ਹਰਕਤ ਨੂੰ ਅੰਜਾਮ ਦਿੰਦਾ ਸੀ।
ਹੁਣ ਤੱਕ ਦੀ ਪੁਲਿਸ ਕਾਰਵਾਈ
ਪੁਲਿਸ ਮੁਤਾਬਕ ਨਦੀਮ ਨੇ ਮੰਨਿਆ ਹੈ ਕਿ ਉਹ ਖਾਸ ਤੌਰ ‘ਤੇ ਗੁਰੂਗ੍ਰਾਮ ਅਤੇ ਆਲੇ-ਦੁਆਲੇ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਸਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ਅਤੇ ਇਸ ਕੋਲੋ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।
