ਜਲੰਧਰ ਵਿੱਚ ਅੱਜ ਦੁਪਹਿਰ ਵੇਲੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਦੋ ਨਕਾਬਪੋਸ਼ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਨਿਸ਼ਾਨਾ ਬਣਾਇਆ। ਇਹ ਘਟਨਾ ਦੁਪਹਿਰ ਕਰੀਬ 2:30 ਵਜੇ ਵਾਪਰੀ ਜਦੋਂ ਦੋਵੇਂ ਮੁਲਜ਼ਮ ਇੱਕ ਸਕੂਟਰੀ ‘ਤੇ ਸਵਾਰ ਹੋ ਕੇ ਆਏ ਸਨ। ਇੱਕ ਲੁਟੇਰਾ ਬੈਂਕ ਦੇ ਬਾਹਰ ਨਿਗਰਾਨੀ ਲਈ ਖੜ੍ਹਾ ਹੋ ਗਿਆ, ਜਦੋਂ ਕਿ ਉਸਦਾ ਦੂਜਾ ਸਾਥੀ ਹਥਿਆਰ ਸਣੇ ਬੈਂਕ ਦੇ ਅੰਦਰ ਦਾਖਲ ਹੋ ਗਿਆ।
ਅੰਦਰ ਜਾ ਕੇ ਲੁਟੇਰੇ ਨੇ ਕੈਸ਼ੀਅਰ ਤੋਂ ਪੈਸਿਆਂ ਦੀ ਮੰਗ ਕੀਤੀ। ਜਦੋਂ ਕੈਸ਼ੀਅਰ ਨੇ ਪੈਸੇ ਦੇਣ ਵਿੱਚ ਦੇਰੀ ਕੀਤੀ ਅਤੇ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਲੁਟੇਰੇ ਨੇ ਉਸ ‘ਤੇ ਪਿਸਤੌਲ ਤਾਣ ਦਿੱਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਡਰ ਦੇ ਮਾਹੌਲ ਵਿੱਚ, ਲੁਟੇਰਾ ਕੈਸ਼ ਕਾਊਂਟਰ ‘ਤੇ ਪਿਆ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਿਆ, ਜਿਸ ਵਿੱਚ ਲਗਭਗ 7 ਲੱਖ ਰੁਪਏ ਸਨ।
ਸੀਸੀਟੀਵੀ ਫੁਟੇਜ ਵਿੱਚ ਦੋਵੇਂ ਮੁਲਜ਼ਮ ਮਾਸਕ ਪਹਿਨੇ ਹੋਏ ਅਤੇ ਬੈਗ ਲੈ ਕੇ ਸਕੂਟਰੀ ‘ਤੇ ਭੱਜਦੇ ਸਾਫ਼ ਦਿਖਾਈ ਦੇ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਸੀਪੀ ਢਿੱਲੋਂ ਨੇ ਦੱਸਿਆ ਕਿ ਬੈਂਕ ਕਰਮਚਾਰੀ ਹਾਲੇ ਵੀ ਨੁਕਸਾਨ ਦਾ ਸਹੀ ਅੰਦਾਜ਼ਾ ਲਗਾ ਰਹੇ ਹਨ। ਪੁਲਿਸ ਨੇ ਲੁਟੇਰਿਆਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
