ਚੰਡੀਗੜ੍ਹ ਦੇ ਲੋਕਾਂ ਵਿੱਚ ਆਪਣੀਆਂ ਗੱਡੀਆਂ ਲਈ VIP ਅਤੇ ਮਨਪਸੰਦ ਨੰਬਰ (Fancy Numbers) ਲੈਣ ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਾਰ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (RLA) ਵੱਲੋਂ ਕਰਵਾਈ ਗਈ ਨਵੀਂ ਸੀਰੀਜ਼ ‘CH01-DE’ ਦੀ ਈ-ਨੀਲਾਮੀ (e-auction) ਵਿੱਚ ਇੱਕ ਹੈਰਾਨੀਜਨਕ ਉਲਟਫੇਰ ਦੇਖਣ ਨੂੰ ਮਿਲਿਆ। ਆਮ ਤੌਰ ‘ਤੇ ਸਭ ਤੋਂ ਮਹਿੰਗਾ ਵਿਕਣ ਵਾਲਾ ਨੰਬਰ ‘0001’ ਹੁੰਦਾ ਹੈ, ਪਰ ਇਸ ਵਾਰ 0003 ਨੰਬਰ ਨੇ ਸਭ ਨੂੰ ਪਿੱਛੇ ਛੱਡਦਿਆਂ 37.63 ਲੱਖ ਰੁਪਏ ਦੀ ਸਭ ਤੋਂ ਉੱਚੀ ਬੋਲੀ ਹਾਸਲ ਕੀਤੀ
‘0001’ ਰਿਹਾ ਦੂਜੇ ਸਥਾਨ ‘ਤੇ
ਇਸ ਤਿੰਨ ਰੋਜ਼ਾ ਨੀਲਾਮੀ ਵਿੱਚ ਸਭ ਦੀ ਪਸੰਦੀਦਾ ਮੰਨਿਆ ਜਾਣ ਵਾਲਾ ਨੰਬਰ CH01-DE-0001 ਦੂਜੇ ਨੰਬਰ ‘ਤੇ ਰਿਹਾ, ਜਿਸ ਨੂੰ 23.55 ਲੱਖ ਰੁਪਏ ਵਿੱਚ ਖਰੀਦਿਆ ਗਿਆ। ਦੱਸ ਦੇਈਏ ਕਿ ਇਹ ਨੀਲਾਮੀ 30 ਮਈ ਤੋਂ ਸ਼ੁਰੂ ਹੋ ਕੇ 1 ਜੂਨ ਦੀ ਸ਼ਾਮ ਤੱਕ ਚੱਲੀ ਸੀ, ਜਿਸ ਵਿੱਚ ਸ਼ਹਿਰ ਦੇ ਕਾਰ ਪ੍ਰੇਮੀਆਂ ਨੇ ਆਪਣੇ ਪਸੰਦੀਦਾ ਨੰਬਰਾਂ ਲਈ ਕਰੋੜਾਂ ਰੁਪਏ ਖਰਚ ਕਰ ਦਿੱਤੇ।
3 ਦਿਨਾਂ ਵਿੱਚ RLA ਨੇ ਕਮਾਏ 4.13 ਕਰੋੜ ਰੁਪਏ
RLA ਮੁਤਾਬਕ ਇਸ ਪੂਰੀ ਪ੍ਰਕਿਰਿਆ ਦੌਰਾਨ ਕੁੱਲ 683 ਰਜਿਸਟ੍ਰੇਸ਼ਨ ਨੰਬਰਾਂ ਦੀ ਸਫ਼ਲ ਬੋਲੀ ਲਗਾਈ ਗਈ। ਇਸ ਵਿੱਚ ਨਵੀਂ ਸੀਰੀਜ਼ ਦੇ ਨਾਲ-ਨਾਲ ਪੁਰਾਣੀਆਂ ਸੀਰੀਜ਼ ਦੇ ਬਚੇ ਹੋਏ ਫੈਂਸੀ ਨੰਬਰ ਵੀ ਸ਼ਾਮਲ ਸਨ। ਇਸ ਨੀਲਾਮੀ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਖਾਤੇ ਵਿੱਚ ਕੁੱਲ 4,13,71,000 ਰੁਪਏ (4.13 ਕਰੋੜ ਤੋਂ ਵੱਧ) ਦਾ ਮਾਲੀਆ ਇਕੱਠਾ ਹੋਇਆ ਹੈ
| ਵੀ.ਆਈ.ਪੀ. ਨੰਬਰ | ਨੀਲਾਮੀ ਦੀ ਕੀਮਤ (ਰੁਪਏ) |
| CH01-DE-0003 | ₹37.63 ਲੱਖ |
| CH01-DE-0001 | ₹23.55 ਲੱਖ |
| CH01-DE-0009 | ₹12.30 ਲੱਖ |
| CH01-DE-0002 | ₹10.22 ਲੱਖ |
| CH01-DE-0005 | ₹9.86 ਲੱਖ |
| CH01-DE-0007 | ₹9.48 ਲੱਖ |
| CH01-DE-0077 | ₹8.54 ਲੱਖ |
| CH01-DE-0008 | ₹8.14 ਲੱਖ |
| CH01-DE-0010 | ₹7.92 ਲੱਖ |
| CH01-DE-0004 | ₹6.69 ਲੱਖ |
