ਪੰਜਾਬ ਦੇ ਆਖਰੀ ਇਤਿਹਾਸਕ ਘਰਾਟਾਂ ਦਾ ਉਦਘਾਟਨ, ਵਿੱਤ ਮੰਤਰੀ ਚੀਮਾ ਵੱਲੋਂ ਹਲਕਾ ਨਿਵਾਸੀਆਂ ਨੂੰ ਵੱਡਾ ਤੋਹਫ਼ਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਹਲਕੇ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ ਸੂਲਰ ਵਿਖੇ ਇਤਿਹਾਸਕ ਘਰਾਟਾਂ ਦੇ ਨਵੀਨੀਕਰਨ ਦੇ ਪ੍ਰੋਜੈਕਟ ਅਤੇ ਇੱਕ ਖ਼ੂਬਸੂਰਤ ਪਾਰਕ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਪੂਰੇ ਪ੍ਰੋਜੈਕਟ ਨੂੰ 60 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਰਾਟ ਕਾਫ਼ੀ ਸਮੇਂ ਤੋਂ ਖ਼ਰਾਬ ਹਾਲਤ ਵਿੱਚ ਸਨ। ਸੂਲਰ ਦੇ ਇਹ ਘਰਾਟ ਸ਼ਾਇਦ ਪੂਰੇ ਪੰਜਾਬ ਵਿੱਚ ਇਕੱਲੇ ਅਜਿਹੇ ਇਤਿਹਾਸਕ ਘਰਾਟ ਬਚੇ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਕਰਨੀ ਬਹੁਤ ਜ਼ਰੂਰੀ ਸੀ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਬਜਟ ਨਾਲ ਨਾ ਸਿਰਫ਼ ਘਰਾਟਾਂ ਅਤੇ ਚੱਕੀਆਂ ਦੀ ਮੁਰੰਮਤ ਕਰਕੇ ਇਨ੍ਹਾਂ ਦੀ ਨੁਹਾਰ ਬਦਲੀ ਗਈ ਹੈ, ਸਗੋਂ ਆਲੇ-ਦੁਆਲੇ ਦੇ ਖੇਤਰ ਨੂੰ ਵੀ ਸੁੰਦਰ ਬਣਾਇਆ ਗਿਆ ਹੈ। ਲੋਕਾਂ ਅਤੇ ਬੱਚਿਆਂ ਦੇ ਘੁੰਮਣ ਲਈ ਇੱਕ ਆਧੁਨਿਕ ਪਾਰਕ ਬਣਾਇਆ ਗਿਆ ਹੈ ਅਤੇ ਨਹਿਰੀ ਵਿਭਾਗ ਦੇ ਸਟਾਫ਼ ਲਈ ਨਵੇਂ ਕਮਰੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਪਾਣੀ ਦੀ ਸਪਲਾਈ ਨੂੰ ਸਹੀ ਰੱਖਣ ਅਤੇ ਸੂਆ ਟੁੱਟਣ ਦੀ ਸਮੱਸਿਆ ਨੂੰ ਰੋਕਣ ਲਈ ਸੂਏ ਦੀ ਕੰਕਰੀਟ ਨਾਲ ਲਾਈਨਿੰਗ ਕੀਤੀ ਗਈ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਾਂਭ-ਸੰਭਾਲ ਦਾ ਜ਼ਿੰਮਾ ਸਥਾਨਕ ਸਰਪੰਚ ਅਤੇ ਗ੍ਰਾਮ ਪੰਚਾਇਤ ਨੂੰ ਸੌਂਪਿਆ ਗਿਆ ਹੈ, ਜੋ ਨਹਿਰੀ ਵਿਭਾਗ ਦੇ ਨਾਲ ਮਿਲ ਕੇ ਇਸ ਦੀ ਦੇਖਭਾਲ ਕਰਨਗੇ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਮਿਲਣ ਨਾਲ ਕਿਸਾਨ ਬਹੁਤ ਖ਼ੁਸ਼ ਹਨ। ਇਸ ਨਾਲ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਸੂਬੇ ਦੇ ਪਾਣੀ ਅਤੇ ਧਰਤੀ ਨੂੰ ਬਚਾਉਣ ਦੇ ਹਰ ਸੰਭਵ ਯਤਨਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।