ਮੁਰਸ਼ਿਦਾਬਾਦ ‘ਚ ਕਹਿਰ: ਟ੍ਰੇਨ ਨੇ ਸਕੂਲ ਵੈਨ ਨੂੰ ਮਾਰੀ ਟੱਕਰ, 2 ਬੱਚਿਆਂ ਸਣੇ 3 ਦੀ ਮੌਤ

ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ। ਬਹਿਰਾਮਪੁਰ ਇਲਾਕੇ ਦੇ ਕੋਲ ਇੱਕ ਤੇਜ਼ ਰਫ਼ਤਾਰ ਰੇਲਗੱਡੀ ਨੇ ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਸਕੂਲੀ ਬੱਚਿਆਂ ਅਤੇ ਇੱਕ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਇਹ ਦਰਦਨਾਕ ਘਟਨਾ ਸਵੇਰੇ ਲਗਭਗ 7 ਵਜੇ ਕਰਨਸੁਬਰਨਾ ਅਤੇ ਗੋਵਿੰਦਪੁਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਬਣੇ ਇੱਕ ਰੇਲਵੇ ਕਰਾਸਿੰਗ ‘ਤੇ ਹੋਈ। ਜਿਸ ਵੇਲੇ ਸਕੂਲ ਵੈਨ ਪਟੜੀ ਪਾਰ ਕਰ ਰਹੀ ਸੀ, ਉਦੋਂ ਹੀ ਨਿਮਿਤਾ-ਕਟਵਾ ਪੈਸੰਜਰ ਟ੍ਰੇਨ ਉੱਥੋਂ ਲੰਘੀ ਅਤੇ ਵੈਨ ਨਾਲ ਜ਼ੋਰਦਾਰ ਤਰੀਕੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਦੇ ਪਰਖੱਚੇ ਉੱਡ ਗਏ।

ਹਾਦਸੇ ਦੇ ਚਸ਼ਮਦੀਦਾਂ ਮੁਤਾਬਕ, ਇੱਕ ਲਾਈਨ ਤੋਂ ਟ੍ਰੇਨ ਲੰਘਣ ਤੋਂ ਬਾਅਦ ਰੇਲਵੇ ਫਾਟਕ ਖੋਲ੍ਹ ਦਿੱਤਾ ਗਿਆ ਸੀ। ਜਿਵੇਂ ਹੀ ਸਕੂਲ ਵੈਨ ਨੇ ਪਟੜੀ ਪਾਰ ਕਰਨੀ ਸ਼ੁਰੂ ਕੀਤੀ, ਦੂਜੀ ਦਿਸ਼ਾ ਤੋਂ ਇੱਕ ਹੋਰ ਰੇਲਗੱਡੀ ਆ ਗਈ, ਪਰ ਉਸ ਵੇਲੇ ਫਾਟਕ ਬੰਦ ਨਹੀਂ ਕੀਤਾ ਗਿਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਰੇਲਵੇ ਗੇਟਕੀਪਰ ਦੀ ਇਸ ਵੱਡੀ ਲਾਪਰਵਾਹੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ, ਜੇਕਰ ਫਾਟਕ ਸਮੇਂ ਸਿਰ ਬੰਦ ਹੁੰਦਾ ਤਾਂ ਇਨ੍ਹਾਂ ਮਾਸੂਮਾਂ ਦੀ ਜਾਨ ਬਚ ਸਕਦੀ ਸੀ।