ਗੁਰਬਾਣੀ ਦੇ ਅਧਿਕਾਰ ਕਿਸੇ ਨਿੱਜੀ ਚੈਨਲ ਕੋਲ ਕਿਵੇਂ ਹੋ ਸਕਦੇ ਹਨ?” — ਬਲਤੇਜ ਪੰਨੂ ਨੇ ਉਠਾਏ ਸਵਾਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਅਧਿਕਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਪੋਸਟ ਕਰਦਿਆਂ ਕਿਹਾ ਕਿ ਗੁਰਬਾਣੀ ਨੂੰ ਸੰਗਠਿਤ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦੇਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਤੋਂ ਇਲਾਵਾ ਕਿਸੇ ਨਿੱਜੀ ਸੰਸਥਾ ਕੋਲ ਇਸ ਦੇ ਅਧਿਕਾਰ ਨਹੀਂ ਹੋ ਸਕਦੇ

ਬਲਤੇਜ ਪੰਨੂ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਬਾਣੀ ਨੂੰ ਇਕੱਠਾ ਕਰਕੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ, ਜਦਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਦਾ ਦਰਜਾ ਦਿੱਤਾ

ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਜਿਹੜੀ ਗੁਰਬਾਣੀ ਪੂਰੀ ਮਨੁੱਖਤਾ ਲਈ ਹੈ, ਉਸ ਦੇ ਪ੍ਰਸਾਰਣ ਦੇ ਅਧਿਕਾਰ ਕਿਸੇ ਇੱਕ ਪਰਿਵਾਰ ਨਾਲ ਜੁੜੇ ਨਿੱਜੀ ਚੈਨਲ ਕੋਲ ਕਿਵੇਂ ਹੋ ਸਕਦੇ ਹਨ

ਗੁਰਬਾਣੀ ਪ੍ਰਸਾਰਣ ਦੇ ਅਧਿਕਾਰਾਂ ਨੂੰ ਲੈ ਕੇ ਪੰਜਾਬ ਵਿੱਚ ਪਹਿਲਾਂ ਵੀ ਵਿਵਾਦ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੇ ਅਧਿਕਾਰ ਇੱਕ ਸਮੇਂ ਨਿੱਜੀ ਚੈਨਲ ਨੂੰ ਦਿੱਤੇ ਜਾਣ ਨੂੰ ਲੈ ਕੇ ਸਿਆਸੀ ਅਤੇ ਧਾਰਮਿਕ ਚਰਚਾ ਹੋਈ ਸੀ

ਇਸ ਮਾਮਲੇ ’ਤੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਚਕਾਰ ਵੀ ਤਕਰਾਰ ਸਾਹਮਣੇ ਆ ਚੁੱਕੀ ਹੈ। ਗੁਰਬਾਣੀ ਨੂੰ ਹਰ ਮਾਧਿਅਮ ਰਾਹੀਂ ਉਪਲਬਧ ਕਰਵਾਉਣ ਨੂੰ ਲੈ ਕੇ ਕਾਨੂੰਨੀ ਅਤੇ ਪ੍ਰਬੰਧਕੀ ਪੱਧਰ ’ਤੇ ਵੀ ਚਰਚਾ ਹੋਈ ਹੈ

ਬਲਤੇਜ ਪੰਨੂ ਦੇ ਇਸ ਬਿਆਨ ਤੋਂ ਬਾਅਦ ਗੁਰਬਾਣੀ ਪ੍ਰਸਾਰਣ ਦੇ ਅਧਿਕਾਰਾਂ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ