ਬਠਿੰਡਾ ਤੋਂ ਲਗਭਗ 5 ਕਿਲੋਮੀਟਰ ਦੂਰ ਪਿੰਡ ਜੱਸੀ ਪੌ ਵਾਲੀ ਦੇ ਸ਼ਮਸ਼ਾਨ ਘਾਟ ਵਿੱਚੋਂ ਇੱਕ 19 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਸਿਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਦੰਦੀਵਾਲ ਨੇ ਤੁਰੰਤ ਕੋਟਸ਼ਮੀਰ ਪੁਲਿਸ ਚੌਂਕੀ ਨੂੰ ਇਸ ਦੀ ਜਾਣਕਾਰੀ ਦਿੱਤੀ।
ਮ੍ਰਿਤਕ ਦੀ ਪਛਾਣ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਮਹਿਕਦੀਪ ਸਿੰਘ (19) ਪੁੱਤਰ ਸੇਵਕ ਸਿੰਘ, ਵਾਸੀ ਗਹਿਰੀ ਭਾਗੀ ਢਾਣੀ (ਨੇੜੇ ਜੱਸੀ ਪੌ ਵਾਲੀ) ਵਜੋਂ ਹੋਈ ਹੈ।
ਕਤਲ ਦਾ ਕਾਰਨ ਅਤੇ ਮੁਲਜ਼ਮ
ਥਾਣਾ ਸਦਰ ਬਠਿੰਡਾ ਦੇ ਐਸ.ਐਚ.ਓ. ਮਨੀਸ਼ ਕੁਮਾਰ ਅਤੇ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੇਵਕ ਸਿੰਘ ਦੇ ਬਿਆਨਾਂ ਅਨੁਸਾਰ ਮਹਿਕਦੀਪ ਸਿੰਘ ਗਹਿਰੀ ਭਾਗੀ ਦੇ ਇੱਕ ਭੱਠੇ ‘ਤੇ ਕੰਮ ਕਰਦਾ ਸੀ। ਉਸੇ ਭੱਠੇ ‘ਤੇ ਯੂ.ਪੀ. ਦਾ ਰਹਿਣ ਵਾਲਾ ਅਮਿਤ ਕੁਮਾਰ ਵੀ ਕੰਮ ਕਰਦਾ ਸੀ। ਦੋਵਾਂ ਵਿਚਕਾਰ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ।
ਪੈਸੇ ਨਾ ਮਿਲਣ ਦੀ ਰੰਜਿਸ਼ ਕਾਰਨ ਅਮਿਤ ਕੁਮਾਰ ਨੇ ਜੱਸੀ ਪੌ ਵਾਲੀ ਦੇ ਸ਼ਮਸ਼ਾਨ ਘਾਟ ਵਿੱਚ ਮਹਿਕਦੀਪ ਦੇ ਸਿਰ ਵਿੱਚ ਪੱਥਰ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਪੁਲਿਸ ਦੀ ਕਾਰਵਾਈ
ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਿਸ ਵੱਲੋਂ ਕਾਤਲ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
