ਮਾਨ ਸਰਕਾਰ ਦਾ ਵੱਡਾ ਫੈਸਲਾ: ਸਰਕਾਰੀ ਬੱਸਾਂ ਦੇ ਬੇੜੇ ਵਿੱਚ ਕੀਤਾ ਇਤਿਹਾਸਕ ਵਾਧਾ

ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਭਾਗ ਦੀ ਉੱਚ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਜਨਤਕ ਟਰਾਂਸਪੋਰਟ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਨਵੀਨਤਾਕਾਰੀ ਵਿਚਾਰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਪੀ.ਆਰ.ਟੀ.ਸੀ. (PRTC) ਅਤੇ ਪਨਬੱਸ ਦੀ ਵਿੱਤੀ ਸਥਿਰਤਾ ਅਤੇ ਸੰਚਾਲਨ ਮਜ਼ਬੂਤੀ ਲਈ ਆਮਦਨੀ ਦੇ ਸਾਧਨ ਵਧਾਉਣ ਉੱਤੇ ਵਿਸ਼ੇਸ਼ ਜ਼ੋਰ ਦਿੱਤਾ।

ਰਾਜ ਸਰਕਾਰ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਬੇੜੇ ਵਿੱਚ 1,279 ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸਰਕਾਰੀ ਬੱਸਾਂ ਦੀ ਗਿਣਤੀ 2,267 ਤੋਂ ਵਧ ਕੇ 3,546 ਹੋ ਜਾਵੇਗੀ, ਜੋ ਕਿ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਡਾ ਵਾਧਾ ਹੈ।

ਪ੍ਰਵਾਸੀ ਭਾਰਤੀਆਂ, ਅੰਤਰਰਾਸ਼ਟਰੀ ਅਤੇ ਆਮ ਯਾਤਰੀਆਂ ਦੀ ਸਹੂਲਤ ਲਈ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਸਮੇਤ 15 ਪ੍ਰੀਮੀਅਮ ਏਅਰਪੋਰਟ ਬੱਸਾਂ ਚਲਾਈਆਂ ਗਈਆਂ ਹਨ, ਜਿਸ ਨਾਲ ਟਰਾਂਸਪੋਰਟ ਮਾਫ਼ੀਆ ਦਾ ਸ਼ਿਕੰਜਾ ਟੁੱਟਿਆ ਹੈ।

ਇਸ ਮੀਟਿੰਗ ਵਿੱਚ ਟਰਾਂਸਪੋਰਟ ਸਕੱਤਰ ਵਰੁਣ ਰੂਜਮ, ਪਨਬੱਸ ਦੇ ਐੱਮ.ਡੀ. ਰਾਜੀਵ ਕੁਮਾਰ ਗੁਪਤਾ, ਪੀ.ਆਰ.ਟੀ.ਸੀ. ਦੀ ਐੱਮ.ਡੀ. ਮਨੀਸ਼ਾ ਰਾਣਾ, ਵਧੀਕ ਐੱਮ.ਡੀ. ਨਵਦੀਪ ਕੁਮਾਰ ਅਤੇ ਜਨਰਲ ਮੈਨੇਜਰ ਅਮਨਵੀਰ ਟਿਵਾਣਾ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਸਨ।