ਖੰਨਾ ਦੇ ਭਾਦਲਾ ਰੋਡ ਸਥਿਤ ਪਿੰਡ ਅਲੌੜ ਵਿੱਚ ਐਚਐਲ ਚੋਪੜਾ ਸਟੀਲ ਰੋਲਿੰਗ ਮਿਲ ਵਿੱਚ ਵੱਡਾ ਹਾਦਸਾ ਵਾਪਰ ਗਿਆ। ਮਿਲ ਦੀ ਫਰਨੇਸ ਯੂਨਿਟ ਵਿੱਚ ਅਚਾਨਕ ਧਮਾਕਾ ਹੋਣ ਤੋਂ ਬਾਅਦ ਗਰਮ ਪਿਘਲਿਆ ਹੋਇਆ ਲੋਹੇ ਦਾ ਮਟੀਰੀਅਲ ਮਜ਼ਦੂਰਾਂ ਉੱਪਰ ਆ ਡਿੱਗਿਆ।
ਇਸ ਹਾਦਸੇ ਵਿੱਚ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿੱਚੋਂ ਰਾਕੇਸ਼ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਹੋਰ 5 ਮਜ਼ਦੂਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਸਵੇਰੇ ਕਰੀਬ 9 ਤੋਂ 10 ਵਜੇ ਉਸ ਵੇਲੇ ਵਾਪਰਿਆ, ਜਦੋਂ ਫਰਨੇਸ ਵਿੱਚ ਲੋਹਾ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਪਿਘਲੇ ਹੋਏ ਮਟੀਰੀਅਲ ਵਿੱਚ ਕੋਈ ਠੋਸ ਟੁਕੜਾ ਜਾਂ ਹੋਰ ਧਾਤੂ ਹਿੱਸਾ ਰਹਿ ਜਾਣ ਕਾਰਨ ਗੈਸ ਬਣੀ, ਜਿਸ ਨਾਲ ਅਚਾਨਕ ਉਬਾਲ ਆ ਗਿਆ ਅਤੇ ਤੱਤਾ ਮਟੀਰੀਅਲ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਉੱਪਰ ਆ ਡਿੱਗਿਆ। ਧਮਾਕੇ ਵਰਗੀ ਤੇਜ਼ ਆਵਾਜ਼ ਤੋਂ ਬਾਅਦ ਪੂਰੀ ਮਿਲ ਵਿੱਚ ਹੜਕੰਪ ਮਚ ਗਿਆ।
ਸਾਰੇ ਜ਼ਖ਼ਮੀਆਂ ਨੂੰ ਤੁਰੰਤ ਖੰਨਾ ਨਰਸਿੰਗ ਹੋਮ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਮਜ਼ਦੂਰਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਗੰਭੀਰ ਹਾਲਤ ਕਾਰਨ ਬਿਹਤਰ ਇਲਾਜ ਲਈ ਡੀਐਮਸੀ ਰੈਫਰ ਕੀਤਾ ਗਿਆ। ਇਲਾਜ ਦੌਰਾਨ ਰਾਕੇਸ਼ ਕੁਮਾਰ ਨੇ ਦਮ ਤੋੜ ਦਿੱਤਾ, ਜਦਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।
ਫੈਕਟਰੀ ਮਾਲਕ ਗੌਰਵ ਚੋਪੜਾ ਨੇ ਦੱਸਿਆ ਕਿ ਹੀਟਿੰਗ ਪ੍ਰਕਿਰਿਆ ਦੌਰਾਨ ਇੰਗਟ ਅਤੇ ਬਿਲੇਟ ਤਿਆਰ ਕੀਤੇ ਜਾ ਰਹੇ ਸਨ। ਇਸੇ ਵੇਲੇ ਪਿਘਲੇ ਹੋਏ ਮਟੀਰੀਅਲ ਵਿੱਚ ਪਾਈਪ ਜਾਂ ਕਿਸੇ ਧਾਤ ਦਾ ਛੋਟਾ ਟੁਕੜਾ ਰਹਿ ਜਾਣ ਕਾਰਨ ਗੈਸ ਬਣ ਗਈ। ਅਚਾਨਕ ਉਬਾਲ ਆਉਣ ਨਾਲ ਤੱਤੇ ਮਟੀਰੀਅਲ ਦੇ ਛਿਟੇ ਮਜ਼ਦੂਰਾਂ ‘ਤੇ ਪਏ। ਉਨ੍ਹਾਂ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਥਾਣਾ ਸਦਰ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਕੁੱਲ ਛੇ ਮਜ਼ਦੂਰ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
