ਦੇਸ਼ ਦੇ ਕਈ ਰਾਜਾਂ ਵਿੱਚ ਮੌਸਮ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਭਾਰਤੀ ਮੌਸਮ ਵਿਭਾਗ (IMD) ਦੀ ਰਿਪੋਰਟ ਅਨੁਸਾਰ, ਕਈ ਸੂਬਿਆਂ ਵਿੱਚ ਮੂਸਲਾਧਾਰ ਬਾਰਿਸ਼ ਕਾਰਨ ਹਾਲਾਤ ਗੰਭੀਰ ਬਣ ਗਏ ਹਨ, ਜਿਸ ਨਾਲ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧਣ ਦਾ ਖ਼ਤਰਾ ਹੈ।
ਦੇਸ਼ ਭਰ ਵਿੱਚ ਮੌਸਮ ਦੀ ਸਥਿਤੀ:
ਛੱਤੀਸਗੜ੍ਹ ਵਿੱਚ ਸਭ ਤੋਂ ਵੱਧ ਖ਼ਤਰਾ ਦੱਸਦਿਆਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਓਡੀਸ਼ਾ, ਬਿਹਾਰ, ਝਾਰਖੰਡ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ, ਫਲੈਸ਼ ਫਲੱਡ ਅਤੇ ਲੈਂਡਸਲਾਈਡ ਨੂੰ ਲੈ ਕੇ ਔਰੇਂਜ ਅਲਰਟ ਹੈ। ਰਾਏਪੁਰ, ਭੁਵਨੇਸ਼ਵਰ, ਪਟਨਾ, ਰਾਂਚੀ, ਦੇਹਰਾਦੂਨ, ਲਖਨਊ ਅਤੇ ਦਿੱਲੀ-ਐਨਸੀਆਰ ਵਿੱਚ ਮੀਂਹ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਐਨਸੀਆਰ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਦੇ ਨਾਲ-ਨਾਲ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਹੁਸ਼ਿਆਰਪੁਰ, ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ, ਜਦਕਿ ਕਈ ਹੋਰ ਥਾਵਾਂ ‘ਤੇ ਛਿੱਟੇ ਪਏ ਹਨ। ਮੀਂਹ ਕਾਰਨ ਤਾਪਮਾਨ ਵਿੱਚ ਕੁਝ ਗਿਰਾਵਟ ਆਈ ਹੈ, ਪਰ ਕਈ ਥਾਵਾਂ ‘ਤੇ ਹੁੰਮਸ ਬਣੀ ਹੋਈ ਹੈ। 2 ਸਤੰਬਰ ਤੋਂ ਪੰਜਾਬ ਵਿੱਚ ਭਾਰੀ ਮੀਂਹ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖਰਾਬ ਮੌਸਮ ਅਤੇ ਗਰਜ-ਚਮਕ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
