ਨਵੀਂ ਦਿੱਲੀ: CBI ਨੇ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਮੁਲਜ਼ਮ ਹਰਨੇਕ ਸਿੰਘ ਨੂੰ ਅਮਰੀਕਾ ਤੋਂ ਭਾਰਤ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। CBI ਮੁਤਾਬਕ ਹਰਨੇਕ ਸਿੰਘ ਸਾਲ 2013 ਤੋਂ ਜਾਂਚ ਅਤੇ ਅਦਾਲਤੀ ਕਾਰਵਾਈ ਤੋਂ ਬਚਦਾ ਆ ਰਿਹਾ ਸੀ।
ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਹਰਨੇਕ ਸਿੰਘ ਨੂੰ 9 ਸਤੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ CBI ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ। ਹੁਣ ਉਸ ਨੂੰ ਹਰਿਆਣਾ ਦੇ ਪੰਚਕੂਲਾ ਸਥਿਤ ਵਿਸ਼ੇਸ਼ CBI ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਕਥਿਤ ਤੌਰ ’ਤੇ ਸਾਜ਼ਿਸ਼, ਧੋਖਾਧੜੀ, ਜਾਅਲਸਾਜ਼ੀ ਅਤੇ ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਵਜੋਂ ਵਰਤਣ ਨਾਲ ਸਬੰਧਤ ਹੈ। ਇਸ ਵਿੱਚ ਭਾਰਤੀ ਦੰਡਾਵਲੀ (IPC) ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਵੀ ਕਾਰਵਾਈ ਕੀਤੀ ਗਈ ਸੀ। CBI ਨੇ ਇਸ ਸਬੰਧੀ ਮਾਮਲਾ 2016 ਵਿੱਚ ਦਰਜ ਕੀਤਾ ਸੀ
ਜਾਂਚ ਦੌਰਾਨ ਸਾਹਮਣੇ ਆਇਆ ਕਿ 2013 ਵਿੱਚ ਸਿੰਗਾਪੁਰ ਵਿੱਚ ਰਹਿ ਰਹੇ ਜਾਂ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਕਥਿਤ ਤੌਰ ’ਤੇ ਭਾਰਤ ਤੋਂ ਸਰਗਰਮ ਧੋਖੇਬਾਜ਼ਾਂ ਵੱਲੋਂ ਸਪੂਫ ਕਾਲਾਂ ਕੀਤੀਆਂ ਜਾਂਦੀਆਂ ਸਨ। ਮੁਲਜ਼ਮ ਖੁਦ ਨੂੰ ਸਿੰਗਾਪੁਰ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਦੱਸ ਕੇ ਪੀੜਤਾਂ ਨੂੰ ਡਰਾਉਂਦੇ ਸਨ
ਪੀੜਤਾਂ ਨੂੰ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੇ ਹਵਾਈ ਅੱਡੇ ’ਤੇ ਭਰੇ ਡਿਸਇੰਬਾਰਕੇਸ਼ਨ ਫਾਰਮ ਵਿੱਚ ਗਲਤ ਜਾਣਕਾਰੀ ਦਿੱਤੀ ਹੈ ਅਤੇ ਇਸ ਕਾਰਨ ਉਨ੍ਹਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਜਾਂ ਡਿਪੋਰਟੇਸ਼ਨ ਹੋ ਸਕਦੀ ਹੈ। ਇਸ ਤੋਂ ਬਾਅਦ ਕਥਿਤ ਤੌਰ ’ਤੇ ਮਾਮਲਾ ਨਿਪਟਾਉਣ ਜਾਂ ਜੁਰਮਾਨੇ ਦੇ ਨਾਂ ’ਤੇ Western Union Money Transfer ਰਾਹੀਂ ਭਾਰਤ ਵਿੱਚ ਮੌਜੂਦ ਵਿਅਕਤੀਆਂ ਨੂੰ ਪੈਸੇ ਭੇਜਣ ਲਈ ਮਜਬੂਰ ਕੀਤਾ ਜਾਂਦਾ ਸੀ।
CBI ਦੀ ਜਾਂਚ ਮੁਤਾਬਕ ਧੋਖਾਧੜੀ ਰਾਹੀਂ ਹਾਸਲ ਕੀਤੀ ਰਕਮ ਹਰਨੇਕ ਸਿੰਘ ਵੱਲੋਂ ਸਹਿ-ਮੁਲਜ਼ਮ ਆਦਿਤਿਆ ਭਾਰਦਵਾਜ ਅਤੇ ਦੀਪਕ ਜੈਨ ਨਾਲ ਮਿਲ ਕੇ ਚਲਾਏ ਜਾ ਰਹੇ ਮਨੀ-ਟ੍ਰਾਂਸਫਰ ਆਉਟਲੈਟ ਰਾਹੀਂ ਪ੍ਰਾਪਤ ਕੀਤੀ ਗਈ ਸੀ।
2013 ਵਿੱਚ ਭਾਰਤ ਛੱਡ ਕੇ ਹੋਇਆ ਸੀ ਫਰਾਰ
ਜਾਂਚ ਏਜੰਸੀ ਦੇ ਅਨੁਸਾਰ ਹਰਨੇਕ ਸਿੰਘ ਮਈ 2013 ਵਿੱਚ ਭਾਰਤ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚ ਗਿਆ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਉੱਥੇ ਲੁਕਿਆ ਰਿਹਾ।
ਇਸ ਦੌਰਾਨ ਅਮਰੀਕਾ ਵਿੱਚ ਉਸ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਲਈ ਸੰਮਨ ਅਤੇ ਬੇਲੇਬਲ ਵਾਰੰਟ ਵੀ US Department of Justice ਰਾਹੀਂ ਤਾਮੀਲ ਕਰਵਾਏ ਗਏ, ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ
