ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ CM ਭਗਵੰਤ ਮਾਨ ਨੂੰ ਖਾਸ ਸੱਦਾ, ਏਸ਼ੀਅਨ ਗੇਮਜ਼-2026 ਦੇ ਹਾਕੀ ਮੁਕਾਬਲੇ ਵੇਖਣ ਜਾਣਗੇ ਜਾਪਾਨ

ਚੰਡੀਗੜ੍ਹ: ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਪਾਨ ਦੇ ਆਈਚੀ-ਨਾਗੋਯਾ ਵਿੱਚ ਹੋਣ ਵਾਲੀਆਂ ਏਸ਼ੀਅਨ ਗੇਮਜ਼-2026 ਦੇ ਹਾਕੀ ਮੁਕਾਬਲੇ ਵੇਖਣ ਲਈ ਸੱਦਾ ਦਿੱਤਾ ਗਿਆ ਹੈ। ਇਸ ਦੌਰੇ ਦੌਰਾਨ ਮੁੱਖ ਮੰਤਰੀ ਦੇ ਨਾਲ ਪੰਜਾਬ ਸਰਕਾਰ ਦਾ ਇੱਕ ਵਫ਼ਦ ਵੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈ ਸਕੇਗਾ।

ਜਾਣਕਾਰੀ ਮੁਤਾਬਕ 30 ਸਤੰਬਰ ਅਤੇ 1 ਅਕਤੂਬਰ ਨੂੰ ਮਹਿਲਾ ਅਤੇ ਪੁਰਸ਼ ਹਾਕੀ ਦੇ ਸੈਮੀਫਾਈਨਲ ਮੁਕਾਬਲੇ ਕਰਵਾਏ ਜਾਣੇ ਹਨ। ਇਸ ਤੋਂ ਬਾਅਦ 2 ਅਤੇ 3 ਅਕਤੂਬਰ ਨੂੰ ਮਹਿਲਾ ਅਤੇ ਪੁਰਸ਼ ਵਰਗ ਦੇ ਫਾਈਨਲ ਮੁਕਾਬਲੇ ਹੋਣਗੇ।

ਇਸ ਸੱਦੇ ਨੂੰ ਪੰਜਾਬ ਲਈ ਖੇਡਾਂ ਦੇ ਖੇਤਰ ਵਿੱਚ ਇੱਕ ਅਹਿਮ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਪਾਨ ਵਿੱਚ ਹੋਣ ਵਾਲੇ ਇਸ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਦੌਰਾਨ ਖੇਡ ਸਹੂਲਤਾਂ, ਪ੍ਰਬੰਧਨ, ਦਰਸ਼ਕਾਂ ਲਈ ਵਿਵਸਥਾਵਾਂ ਅਤੇ ਮੁਕਾਬਲਿਆਂ ਦੇ ਸੰਚਾਲਨ ਨਾਲ ਜੁੜੇ ਤਜਰਬੇ ਹਾਸਲ ਕਰਨ ਦਾ ਮੌਕਾ ਮਿਲੇਗਾ।

ਪੰਜਾਬ ਨੂੰ ਹਾਕੀ ਦੀ ਮਜ਼ਬੂਤ ਨਰਸਰੀ ਵਜੋਂ ਜਾਣਿਆ ਜਾਂਦਾ ਹੈ, ਜਿਸ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਪੱਧਰ ਦੇ ਖੇਡ ਸਮਾਗਮਾਂ ਦੇ ਪ੍ਰਬੰਧਾਂ ਨੂੰ ਨੇੜਿਓਂ ਦੇਖਣਾ ਸੂਬੇ ਵਿੱਚ ਭਵਿੱਖ ਦੇ ਖੇਡ ਮੁਕਾਬਲਿਆਂ ਲਈ ਲਾਹੇਵੰਦ ਤਜਰਬਾ ਸਾਬਤ ਹੋ ਸਕਦਾ ਹੈ