ਚੰਡੀਗੜ੍ਹ: ਪੰਜਾਬ ਵਿੱਚ ED ਦੀਆਂ ਚੱਲ ਰਹੀਆਂ ਕਾਰਵਾਈਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕੇਂਦਰ ਸਰਕਾਰ ਵਿਚਾਲੇ ਸਿਆਸੀ ਤਕਰਾਰ ਤੇਜ਼ ਹੋ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਪੋਸਟ ਕਰਕੇ ED ਦੀਆਂ ਕਾਰਵਾਈਆਂ ‘ਤੇ ਸਵਾਲ ਚੁੱਕੇ ਹਨ।
ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ED ਵੱਲੋਂ ‘ਆਪ’ ਆਗੂਆਂ ਦੇ ਘਰਾਂ ਅਤੇ ਟਿਕਾਣਿਆਂ ‘ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਕਈ ਥਾਵਾਂ ‘ਤੇ ਤਾਲੇ ਤੋੜ ਕੇ ਦਾਖ਼ਲ ਹੋਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨਾਲ ਜੋੜਦਿਆਂ ਤਿੱਖੀ ਟਿੱਪਣੀ ਕੀਤੀ
ਬੈਂਸ ਨੇ ਆਪਣੇ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਕਿ ED ਦੀਆਂ ਕਾਰਵਾਈਆਂ ਦੌਰਾਨ ‘ਆਪ’ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਇਹ ਦਾਅਵਾ ‘ਆਪ’ ਆਗੂ ਵੱਲੋਂ ਕੀਤਾ ਗਿਆ ਹੈ; ED ਵੱਲੋਂ ਜਾਂਚ ਨਾਲ ਸਬੰਧਤ ਮਿਲੇ ਜਾਂ ਜ਼ਬਤ ਕੀਤੇ ਸਾਮਾਨ ਬਾਰੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆਈਆਂ ਹਨ
GMADA ਮਾਮਲੇ ‘ਚ ਵੀ ਵਧਿਆ ਵਿਵਾਦ
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ED ਵੱਲੋਂ GMADA ਦਫ਼ਤਰ ਸਮੇਤ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਰਿਪੋਰਟਾਂ ਮੁਤਾਬਕ ਜਾਂਚ GMADA ਨਾਲ ਜੁੜੇ ਜ਼ਮੀਨ ਐਕਵਾਇਰਮੈਂਟ, CLU ਮਨਜ਼ੂਰੀਆਂ ਅਤੇ ਹੋਰ ਵਿੱਤੀ ਮਾਮਲਿਆਂ ਨਾਲ ਸਬੰਧਤ ਹੈ
ਇਸੇ ਦੌਰਾਨ ‘ਆਪ’ ਵਰਕਰਾਂ ਵੱਲੋਂ ਮੋਹਾਲੀ ਸਥਿਤ GMADA ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ। ਪੰਜਾਬ ਸਰਕਾਰ ਨੇ ED ਦੀ ਕਾਰਵਾਈ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਸਰਚ ਆਪਰੇਸ਼ਨ ਦੀ ਨਿਗਰਾਨੀ ਲਈ ਵਾਰੰਟ ਅਫ਼ਸਰ ਨਿਯੁਕਤ ਕੀਤਾ ਸੀ
