BSF ਕੋਲ 50 ਕਿਲੋਮੀਟਰ ਤੱਕ ਦੀ ਰੇਂਜ, ਫਿਰ ਪੰਜਾਬ ਨੂੰ ਹੀ ਕਿਉਂ ਬਣਾਇਆ ਜਾ ਰਿਹੈ ਨਿਸ਼ਾਨਾ?’
ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। CM ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਲਿਆ ਅਤੇ ਨਸ਼ਾ ਤਸਕਰੀ ਦੇ ਮਾਮਲੇ ’ਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਾਰੇ ਸਵਾਲ ਚੁੱਕੇ।
ਮੁੱਖ ਮੰਤਰੀ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਉਨ੍ਹਾਂ ਬਾਰੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਉਨ੍ਹਾਂ ਸਰਹੱਦੀ ਸੁਰੱਖਿਆ ਅਤੇ ਨਸ਼ਿਆਂ ਦੀ ਬਰਾਮਦਗੀ ਦੇ ਮੁੱਦੇ ਨੂੰ ਉਠਾਉਂਦਿਆਂ ਕਿਹਾ ਕਿ BSF ਦੇ ਅਧਿਕਾਰ ਖੇਤਰ ਵਿੱਚ 50 ਕਿਲੋਮੀਟਰ ਤੱਕ ਦਾ ਇਲਾਕਾ ਆਉਂਦਾ ਹੈ, ਇਸ ਲਈ ਨਸ਼ਿਆਂ ਦੇ ਮਾਮਲੇ ਵਿੱਚ ਕੇਂਦਰ ਦੀ ਜ਼ਿੰਮੇਵਾਰੀ ਤੋਂ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ।
ਗੁਜਰਾਤ ਦੇ ਕਾਂਡਲਾ ਪੋਰਟ ਦਾ ਮੁੱਦਾ ਚੁੱਕਿਆ
CM ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਗੁਜਰਾਤ ਦੇ ਕਾਂਡਲਾ ਪੋਰਟ ’ਤੇ 3,000 ਕਿਲੋ ਚਿੱਟਾ ਫੜੇ ਜਾਣ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਮੁੱਦੇ ’ਤੇ ਦੋਸ਼ ਦੇਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਨਿਭਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
‘ਲਿਖੇ-ਲਿਖਾਏ ਟਵੀਟ ਕਾਪੀ-ਪੇਸਟ ਨਾ ਕਰੋ’
ਮੁੱਖ ਮੰਤਰੀ ਨੇ ਅਮਿਤ ਸ਼ਾਹ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਲਾਹਕਾਰਾਂ ਵੱਲੋਂ ਤਿਆਰ ਕੀਤੇ ਬਿਆਨਾਂ ਨੂੰ ਬਿਨਾਂ ਸੋਚੇ-ਸਮਝੇ ਕਾਪੀ-ਪੇਸਟ ਕਰਨ ਦੀ ਬਜਾਏ ਤੱਥਾਂ ਦੇ ਆਧਾਰ ’ਤੇ ਗੱਲ ਕਰਨੀ ਚਾਹੀਦੀ ਹੈ।
