ਕੋਹਿਕਾਲਾ ਹਾਈਵੇਅ ’ਤੇ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ, ਤਿੰਨ ਹੋਰ ਜ਼ਖ਼ਮੀ; ਦੋ ਦੀ ਹਾਲਤ ਗੰਭੀਰ
ਕੈਨੇਡਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਭਾਰਤੀ ਮੂਲ ਦੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਹਾਈਵੇਅ ’ਤੇ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਦੌਰਾਨ 24 ਸਾਲਾ ਜਸਕੀਰਤ ਸਿੰਘ ਨੌਖਰੀਆ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਸਫ਼ਰ ਕਰ ਰਹੇ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਸ਼ਨੀਵਾਰ ਸਵੇਰੇ ਮੇਰਿਟ ਨੇੜੇ ਹਾਈਵੇਅ-5 ’ਤੇ ਵਾਪਰਿਆ, ਜਿਸ ਨੂੰ ਕੋਹਿਕਾਲਾ ਹਾਈਵੇਅ ਵੀ ਕਿਹਾ ਜਾਂਦਾ ਹੈ। ਜਸਕੀਰਤ ਸਿੰਘ ਸਾਲ 2024 ਵਿੱਚ ਕੈਨੇਡਾ ਆਇਆ ਸੀ। ਦੁੱਖ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਕੁਝ ਦਿਨ ਪਹਿਲਾਂ ਹੀ ਉਸ ਦੀ ਕੈਨੇਡਾ ਦੀ ਸਥਾਈ ਰਿਹਾਇਸ਼ (PR) ਲਈ ਅਰਜ਼ੀ ਮਨਜ਼ੂਰ ਹੋਣ ਦੀ ਖ਼ਬਰ ਸਾਹਮਣੇ ਆਈ ਸੀ।
ਗਲਤ ਦਿਸ਼ਾ ਤੋਂ ਆ ਰਹੀ ਗੱਡੀ ਨਾਲ ਹੋਈ ਟੱਕਰ
ਰਿਪੋਰਟਾਂ ਮੁਤਾਬਕ, ਜਸਕੀਰਤ ਸਿੰਘ ਚਿੱਟੇ ਰੰਗ ਦੀ ਟੋਯੋਟਾ RAV4 ਚਲਾ ਰਿਹਾ ਸੀ। ਇਸ ਦੌਰਾਨ ਲੈਕ ਲੇ ਜਿਊਨ ਨੇੜੇ ਇੱਕ ਕਾਲੇ ਰੰਗ ਦੀ ਟੋਯੋਟਾ ਟੈਕੋਮਾ ਪਿਕਅੱਪ ਉਸ ਦੀ ਗੱਡੀ ਨਾਲ ਟਕਰਾ ਗਈ। ਪੁਲਿਸ ਨੂੰ ਹਾਦਸੇ ਤੋਂ ਪਹਿਲਾਂ ਇੱਕ ਵਾਹਨ ਦੇ ਉੱਤਰ ਵੱਲ ਜਾਣ ਵਾਲੀਆਂ ਲੇਨਾਂ ਵਿੱਚ ਗਲਤ ਦਿਸ਼ਾ ਤੋਂ ਦੱਖਣ ਵੱਲ ਜਾਂਦੇ ਹੋਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ।
ਪੁਲਿਸ ਅਧਿਕਾਰੀਆਂ ਨੂੰ ਸਵੇਰੇ ਲਗਭਗ 8:30 ਵਜੇ ਘਟਨਾ ਸਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਹਾਦਸੇ ਸਮੇਂ RAV4 ਵਿੱਚ ਸਵਾਰ ਚਾਰਾਂ ਵਿਅਕਤੀਆਂ ਦੀ ਉਮਰ 24 ਤੋਂ 38 ਸਾਲ ਦੇ ਵਿਚਕਾਰ ਦੱਸੀ ਗਈ ਹੈ।
ਤਿੰਨ ਜ਼ਖ਼ਮੀ ਹਸਪਤਾਲ ਦਾਖ਼ਲ
ਹਾਦਸੇ ਵਿੱਚ ਜਸਕੀਰਤ ਸਿੰਘ ਦੀ ਜਾਨ ਚਲੀ ਗਈ, ਜਦਕਿ ਬਾਕੀ ਤਿੰਨ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੂਜੇ ਵਾਹਨ ਵਿੱਚ ਸਿਰਫ਼ 22 ਸਾਲਾ ਡਰਾਈਵਰ ਸਵਾਰ ਸੀ, ਜੋ ਕੋਲਡਵਾਟਰ ਇਲਾਕੇ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਹੇਠ ਹਿਰਾਸਤ ਵਿੱਚ ਲਿਆ। ਹਾਦਸੇ ਦੇ ਸਹੀ ਕਾਰਨਾਂ ਬਾਰੇ ਜਾਂਚ ਜਾਰੀ ਹੈ।
