ਚੀਨ : ਤਿੱਬਤ ਵਿੱਚ ਵੀਰਵਾਰ ਰਾਤ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਦਰਜ ਕੀਤੇ ਗਏ। ਰਿਕਟਰ ਪੈਮਾਨੇ ’ਤੇ 7.0 ਤੀਬਰਤਾ ਵਾਲੇ ਇਸ ਭੂਚਾਲ ਨੇ ਖੇਤਰ ਵਿੱਚ ਕੁਦਰਤੀ ਆਫ਼ਤਾਂ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਇਲਾਕਾ ਅਚਾਨਕ ਆਏ ਹੜ੍ਹਾਂ ਦੀ ਮਾਰ ਵੀ ਝੱਲ ਚੁੱਕਾ ਹੈ
ਲਹਾਸਾ ਤੋਂ ਲਗਭਗ 400 ਕਿਲੋਮੀਟਰ ਦੂਰ ਸੀ ਭੂਚਾਲ ਦਾ ਕੇਂਦਰ
ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਭੂਚਾਲ ਵੀਰਵਾਰ ਰਾਤ ਕਰੀਬ 8:03 ਵਜੇ ਆਇਆ। ਇਸ ਦੀ ਡੂੰਘਾਈ ਧਰਤੀ ਦੀ ਸਤ੍ਹਾ ਤੋਂ ਲਗਭਗ 173 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ, ਜਦਕਿ ਇਸ ਦਾ ਕੇਂਦਰ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਤਕਰੀਬਨ 400 ਕਿਲੋਮੀਟਰ ਦੂਰ ਸਥਿਤ ਸੀ।
ਇਸ ਤੋਂ ਪਹਿਲਾਂ ਵੀ ਆ ਚੁੱਕੇ ਹਨ ਭੂਚਾਲ ਦੇ ਝਟਕੇ
ਤਿੱਬਤ ਵਿੱਚ ਇਸ ਤੋਂ ਪਹਿਲਾਂ 3 ਸਤੰਬਰ ਨੂੰ ਵੀ ਭੂਚਾਲ ਆਇਆ ਸੀ, ਜਿਸ ਦੀ ਤੀਬਰਤਾ 5.0 ਦਰਜ ਕੀਤੀ ਗਈ ਸੀ। ਉਸ ਸਮੇਂ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਲਗਭਗ 14 ਕਿਲੋਮੀਟਰ ਹੇਠਾਂ ਸੀ।
ਜਨਵਰੀ 2025 ਦੇ ਭੂਚਾਲ ਨੇ ਮਚਾਈ ਸੀ ਭਾਰੀ ਤਬਾਹੀ
ਤਿੱਬਤ ਵਿੱਚ ਜਨਵਰੀ 2025 ਦੌਰਾਨ ਵੀ 6.8 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਦੇ ਅੰਕੜਿਆਂ ਅਨੁਸਾਰ, ਉਸ ਆਫ਼ਤ ਵਿੱਚ 120 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ ਸੈਂਕੜੇ ਲੋਕ ਜ਼ਖ਼ਮੀ ਹੋਏ ਸਨ
