ਚੰਡੀਗੜ੍ਹ ਵਿੱਚ 17 ਸਾਲਾ ਸਾਬਕਾ ਵਿਦਿਆਰਥੀ ਨੈਤਿਕ ਖੰਡੇਲਵਾਲ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਸ਼ੂਟਰ ਮਨਮੀਤ ਮੇਹਰ ਉਰਫ਼ ਮੈਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਿਸ ਮੁਤਾਬਕ, ਇਹ ਕਾਰਵਾਈ ਸੈਕਟਰ-50 ਦੇ ਜੰਗਲੀ ਇਲਾਕੇ ਵਿੱਚ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਵੱਲੋਂ ਕੀਤੀ ਗਈ। ਮੁਕਾਬਲੇ ਦੌਰਾਨ ਮਨਮੀਤ ਦੀ ਲੱਤ ਵਿੱਚ ਗੋਲੀ ਲੱਗੀ।
ਪੁਲਿਸ ਜਾਂਚ ਮੁਤਾਬਕ, ਨੈਤਿਕ ਦਾ ਕਤਲ ਕਥਿਤ ਤੌਰ ’ਤੇ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿੱਚ ਨੈਤਿਕ ਦਾ ਸਹਿਪਾਠੀ ਅਰਸ਼ ਮੇਹਰ ਵੀ ਸ਼ਾਮਲ ਸੀ, ਜੋ ਮਨਮੀਤ ਦਾ ਛੋਟਾ ਭਰਾ ਹੈ। ਪੁਲਿਸ ਸੂਤਰਾਂ ਅਨੁਸਾਰ, ਮਨਮੀਤ ਦੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਸ਼ੱਕ ਹੈ ਅਤੇ ਉਸ ਨੂੰ ਬੰਬੀਹਾ ਗੈਂਗ ਨਾਲ ਜੁੜੇ ਲੱਕੀ ਪਟਿਆਲ ਦੇ ਨੈੱਟਵਰਕ ਦਾ ਸ਼ੂਟਰ ਦੱਸਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ, ਮਨਮੀਤ ਮੇਹਰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਇੱਕ ਮੁਲਾਜ਼ਮ ਦਾ ਪੁੱਤਰ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਤਲ ਦੀ ਸਾਜ਼ਿਸ਼ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਗਈ।
ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਅਰਸ਼ ਮੇਹਰ ਕਥਿਤ ਸ਼ੂਟਰ ਮਨਮੀਤ ਦੇ ਨਾਲ ਨੈਤਿਕ ਦੀ ਪਛਾਣ ਕਰਵਾਉਣ ਲਈ ਆਇਆ ਸੀ। ਇਸ ਤੋਂ ਬਾਅਦ ਨੈਤਿਕ ’ਤੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਇੱਕ ਗੋਲੀ ਆਟੋ ਚਾਲਕ ਦੇ ਮੋਢੇ ਵਿੱਚ ਲੱਗੀ, ਜਦਕਿ ਦੂਜੀ ਨੈਤਿਕ ਦੀ ਛਾਤੀ ਵਿੱਚ ਲੱਗੀ। ਨੈਤਿਕ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਤਲ ਪਿੱਛੇ ਸਾਜ਼ਿਸ਼ ਤੇ ਕਥਿਤ ਗੈਂਗਸਟਰ ਨੈੱਟਵਰਕ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ।
