‘ਮਰਦੇ ਦਮ ਤੱਕ ਕਾਂਗਰਸੀ ਰਹਾਂਗਾ’, ਰਾਣਾ ਗੁਰਜੀਤ ਸਿੰਘ ਨੇ ਪਾਰਟੀ ਛੱਡਣ ਦੀਆਂ ਚਰਚਾਵਾਂ ’ਤੇ ਲਾਈ ਰੋਕ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਛੱਡਣ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਬਦਲਣ ਦੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਆਪਣੀ ਆਖ਼ਰੀ ਸਾਹ ਤੱਕ ਕਾਂਗਰਸ ਨਾਲ ਜੁੜੇ ਰਹਿਣਗੇ। ਉਨ੍ਹਾਂ ਮੁਤਾਬਕ, ਕਾਂਗਰਸ ਛੱਡਣ ਬਾਰੇ ਸੋਚਣ ਦਾ ਵੀ ਕੋਈ ਸਵਾਲ ਨਹੀਂ ਹੈ।

‘ਜਨਮ ਤੋਂ ਕਾਂਗਰਸੀ ਹਾਂ, ਕਾਂਗਰਸੀ ਵਜੋਂ ਹੀ ਮਰਾਂਗਾ’

ਰਾਣਾ ਗੁਰਜੀਤ ਸਿੰਘ ਨੇ ਆਪਣੇ ਸਿਆਸੀ ਰੁਖ਼ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਕਾਂਗਰਸੀ ਸਨ ਅਤੇ ਉਹ ਖ਼ੁਦ ਵੀ ਇਸੇ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਪੁੱਤਰ ਦੀ ਸਿਆਸੀ ਸੋਚ ਵੀ ਕਾਂਗਰਸ ਨਾਲ ਸੰਬੰਧਿਤ ਹੈ।

ਉਨ੍ਹਾਂ ਆਪਣੇ ਬਿਆਨ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਪਰਿਵਾਰਕ ਅਤੇ ਸਿਆਸੀ ਰਿਸ਼ਤਾ ਕਾਂਗਰਸ ਨਾਲ ਡੂੰਘਾ ਹੈ ਅਤੇ ਪਾਰਟੀ ਛੱਡਣ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ।

ਮੀਡੀਆ ਨੂੰ ਬਿਨਾਂ ਪੁਸ਼ਟੀ ਖ਼ਬਰਾਂ ਨਾ ਚਲਾਉਣ ਦੀ ਅਪੀਲ

ਰਾਣਾ ਗੁਰਜੀਤ ਸਿੰਘ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਸਿਆਸੀ ਆਗੂ ਬਾਰੇ ਖ਼ਬਰ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਤੱਥਾਂ ਦੀ ਜਾਂਚ ਕੀਤੇ ਅਜਿਹੀਆਂ ਖ਼ਬਰਾਂ ਚਲਾਉਣ ਨਾਲ ਬੇਲੋੜੀਆਂ ਅਟਕਲਾਂ ਨੂੰ ਹਵਾ ਮਿਲਦੀ ਹੈ।