ਐਲਿਜ਼ਾਬੈਥ (ਨਿਊਜਰਸੀ): ਅਮਰੀਕਾ ਦੇ ਨਿਊਜਰਸੀ ਸੂਬੇ ਦੇ ਐਲਿਜ਼ਾਬੈਥ ਸ਼ਹਿਰ ਵਿੱਚ ਮੋਮਬੱਤੀਆਂ ਜਗਾ ਕੇ ਕੀਤੀ ਜਾ ਰਹੀ ਪ੍ਰਾਰਥਨਾ ਸਭਾ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਸ਼ੱਕੀ ਦੀ ਭਾਲ ਜਾਰੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਗੋਲੀਬਾਰੀ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ।
ਐਲਿਜ਼ਾਬੈਥ ਦੇ ਮੇਅਰ ਕ੍ਰਿਸ ਬੋਲਵੇਜ ਅਨੁਸਾਰ, ਬੀਤੀ ਰਾਤ ਸਾਢੇ ਨੌਂ ਵਜੇ ਤੋਂ ਕੁਝ ਸਮਾਂ ਬਾਅਦ ਸ਼ਹਿਰ ਦੇ ਪੁਲਿਸ ਵਿਭਾਗ ਨੂੰ ਇੱਕ ਇਲਾਕੇ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। ਉਸ ਸਮੇਂ ਉੱਥੇ ਮੋਮਬੱਤੀਆਂ ਜਗਾ ਕੇ ਪ੍ਰਾਰਥਨਾ ਸਭਾ ਕੀਤੀ ਜਾ ਰਹੀ ਸੀ।
ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਪੰਜ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲੇ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ, ਜਿਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਬਾਕੀ ਚਾਰ ਜ਼ਖ਼ਮੀਆਂ ਨੂੰ ਲੈ ਕੇ ਅਗਲੀ ਜਾਣਕਾਰੀ ਦੀ ਉਡੀਕ ਹੈ।
ਜਾਣਕਾਰੀ ਮੁਤਾਬਕ, ਇਹ ਪ੍ਰਾਰਥਨਾ ਸਭਾ ਉਸ ਵਿਅਕਤੀ ਦੀ ਯਾਦ ਵਿੱਚ ਰੱਖੀ ਗਈ ਸੀ, ਜਿਸ ਦਾ ਲਗਭਗ ਸੱਤ ਸਾਲ ਪਹਿਲਾਂ ਇਸੇ ਇਲਾਕੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

