ਹੁਸ਼ਿਆਰਪੁਰ ‘ਚ ਰਿਸ਼ਤੇ ਹੋਏ ਤਾਰ-ਤਾਰ ਪਿਓ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ 11ਵੀਂ ‘ਚ ਪੜ੍ਹਦੀ ਧੀ ਦਾ ਕਤਲ, ਮੁਲਜ਼ਮ ਫਰਾਰ

ਮ੍ਰਿਤਿਕ ਲੜਕੀ ਦੇ ਮਾਮੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਪ੍ਰੋਹਣਾ ਸ਼ੁਰੂ ਤੋਂ ਹੀ ਲੜਕੇ ਦੀ ਭਾਲ ਵਿੱਚ ਸੀ ਅਕਸਰ ਉਸ ਵੱਲੋਂ ਕਿਹਾ ਜਾਂਦਾ ਸੀ ਕਿ ਮੇਰੇ ਸਿਰਫ ਇੱਕ ਲੜਕੀ ਹੋਈ ਹੈ

ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਧੂਤ ਕਲਾਂ ਤੋਂ ਇੱਕ ਬਹੁਤ ਹੀ ਸ਼ਰਮਨਾਕ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਾਪ-ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਦਿਆਂ ਇੱਕ ਕਲਯੁਗੀ ਪਿਓ ਨੇ ਆਪਣੀ ਹੀ ਨਾਬਾਲਗ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਦੀ ਪਛਾਣ ਇੰਦਰਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ 11ਵੀਂ ਜਮਾਤ ਦੀ ਵਿਦਿਆਰਥਣ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਦੀ ਮਾਂ ਕਿਸੇ ਘਰੇਲੂ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ। ਘਰ ਵਿੱਚ ਧੀ ਨੂੰ ਇਕੱਲੀ ਦੇਖ ਕੇ ਪਿਓ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਿਓ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਕਤਲ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ