
ਘਰੇਲੂ ਕਲੇਸ਼ ਨੇ ਧਾਰਿਆ ਖ਼ੂਨੀ ਰੂਪ, ਪਤੀ ਵੱਲੋਂ ਪੁੱਤਰ ਨਾਲ ਮਿਲ ਕੇ ਪਤਨੀ ਦੇ ਕਤਲ ਦਾ ਦੋਸ਼
ਘਰੇਲੂ ਝਗੜੇ ਕਾਰਨ ਇੱਕ ਵਿਅਕਤੀ ਵੱਲੋਂ ਆਪਣੇ ਪੁੱਤਰ ਨਾਲ ਮਿਲ ਕੇ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਨਿਰਮਲਾ ਰਾਣੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਮ੍ਰਿਤਕਾ ਦੇ ਭਰਾ ਬਲਜੀਤ ਕੁਮਾਰ ਦੀ ਸ਼ਿਕਾਇਤ ’ਤੇ ਪਤੀ ਰਵੀ ਕਾਂਤ ਅਤੇ ਪੁੱਤਰ ਰੋਹਿਤ ਸ਼ਰਮਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਰਵੀ ਕਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮਾਮਲੇ ਦੀ ਜਾਂਚ ਜਾਰੀ ਹੈ।
ਸ਼ਿਕਾਇਤ ਅਨੁਸਾਰ ਰੋਹਿਤ ਨਸ਼ੇ ਦਾ ਆਦੀ ਹੈ ਅਤੇ ਅਕਸਰ ਆਪਣੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗਦਾ ਸੀ। ਇਸੇ ਦੌਰਾਨ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਦੋਸ਼ ਹੈ ਕਿ ਰਵੀ ਕਾਂਤ ਵੀ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਸੀ। ਘਟਨਾ ਵਾਲੇ ਦਿਨ ਝਗੜੇ ਤੋਂ ਬਾਅਦ ਰਵੀ ਕਾਂਤ ਨੇ ਨਿਰਮਲਾ ਨੂੰ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲਣ ਲਈ ਕਿਹਾ। ਇਸ ਦੌਰਾਨ ਨਿਰਮਲਾ ਨੇ ਜ਼ਹਿਰ ਨਿਗਲਣ ਤੋਂ ਬਾਅਦ ਆਪਣੀ ਬਾਂਹ ਦੀ ਨਸ ਵੀ ਕੱਟ ਲਈ।
ਇਸ ਤੋਂ ਬਾਅਦ ਰਵੀ ਕਾਂਤ ਉਸ ਨੂੰ ਪੱਟੀ ਕਰਵਾਉਣ ਲਈ ਹਸਪਤਾਲ ਲੈ ਗਿਆ, ਪਰ ਦੋਸ਼ ਹੈ ਕਿ ਉਸ ਨੇ ਡਾਕਟਰਾਂ ਨੂੰ ਜ਼ਹਿਰ ਨਿਗਲਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਘਰ ਵਾਪਸ ਆਉਣ ਤੱਕ ਨਿਰਮਲਾ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਰਵੀ ਕਾਂਤ ਨੇ ਨਿਰਮਲਾ ਦੀ ਵੀਡੀਓ ਬਣਾ ਕੇ ਉਸ ਦੇ ਭਰਾ ਨੂੰ ਭੇਜੀ ਅਤੇ ਉਸ ਨੂੰ ਲਿਜਾਣ ਲਈ ਕਿਹਾ। ਜਦੋਂ ਤੱਕ ਉਸ ਦਾ ਭਰਾ ਮੌਕੇ ’ਤੇ ਪਹੁੰਚਿਆ, ਨਿਰਮਲਾ ਦਮ ਤੋੜ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀ ਅਤੇ ਥਾਣਾ ਸਰਾਭਾ ਨਗਰ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਥਾਣਾ ਸਰਾਭਾ ਨਗਰ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਰਵੀ ਕਾਂਤ ਅਤੇ ਰੋਹਿਤ ਸ਼ਰਮਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਰਵੀ ਕਾਂਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।



