
ਟਰੰਪ ਨੇ PM ਮੋਦੀ ਦੀ ਕੀਤੀ ਰੱਜ ਕੇ ਤਾਰੀਫ਼, ਬੋਲੇ- ‘ਮੋਦੀ ਬਹੁਤ ਸਖ਼ਤ ਇਨਸਾਨ ਹਨ’; ਜਾਪਾਨੀ PM ਨੂੰ ਦੱਸਿਆ ਉਨ੍ਹਾਂ ਤੋਂ ਵੀ ਤਾਕਤਵਰ
ਫਿਲੀਪੀਨਜ਼ ਵਿੱਚ ਹੋਏ ਕਵਾਡ ਸੰਮੇਲਨ ਦੌਰਾਨ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਆਪਣਾ ਚੰਗਾ ਦੋਸਤ, ਤਿੰਨਾਂ ਦੇਸ਼ਾਂ ਦੇ ਆਗੂਆਂ ਨਾਲ ਸਬੰਧਾਂ ਦੀ ਵੀ ਕੀਤੀ ਸ਼ਲਾਘਾ
ਫਿਲੀਪੀਨਜ਼ ਵਿੱਚ ਹੋਏ QUAD ਆਗੂਆਂ ਦੇ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਬਿਆਨ ਖ਼ਾਸ ਚਰਚਾ ਵਿੱਚ ਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਬਹੁਤ ਸਖ਼ਤ ਇਨਸਾਨ’ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਸੁਭਾਅ ਕਾਫ਼ੀ ਮਜ਼ਬੂਤ ਹੈ।
ਮੋਦੀ ਵੱਲ ਇਸ਼ਾਰਾ ਕਰਕੇ ਕਹੀ ਇਹ ਗੱਲ
ਕਵਾਡ ਦੇ ਸਾਂਝੇ ਆਗੂਆਂ ਨਾਲ ਖੜ੍ਹੇ ਹੋ ਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਇਹ ਬਹੁਤ ਸਖ਼ਤ ਇਨਸਾਨ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਸ਼ਾਇਦ ਮੋਦੀ ਤੋਂ ਵੀ ਜ਼ਿਆਦਾ ਮਜ਼ਬੂਤ ਹਨ।
ਟਰੰਪ ਦੀ ਇਸ ਟਿੱਪਣੀ ਦੌਰਾਨ ਉੱਥੇ ਮੌਜੂਦ ਆਗੂਆਂ ਵਿਚਾਲੇ ਦਿਲਚਸਪ ਮਾਹੌਲ ਦੇਖਣ ਨੂੰ ਮਿਲਿਆ।
ਮੋਦੀ ਨੂੰ ਦੱਸਿਆ ਆਪਣਾ ਚੰਗਾ ਦੋਸਤ
ਅਮਰੀਕੀ ਰਾਸ਼ਟਰਪਤੀ ਨੇ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਆਗੂਆਂ ਨਾਲ ਆਪਣੇ ਸਬੰਧਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਅਤੇ ਦੇਸ਼ਾਂ ਨਾਲ ਅਮਰੀਕਾ ਦੇ ਸਬੰਧ ਸ਼ੁਰੂ ਤੋਂ ਹੀ ਚੰਗੇ ਰਹੇ ਹਨ। ਉਨ੍ਹਾਂ ਨੇ ਤਿੰਨਾਂ ਆਗੂਆਂ ਨੂੰ ਸ਼ਾਨਦਾਰ ਸ਼ਖ਼ਸੀਅਤਾਂ ਅਤੇ ਆਪਣਾ ਦੋਸਤ ਦੱਸਿਆ।
QUAD ਸੰਮੇਲਨ ਵਿੱਚ ਕਈ ਵੱਡੇ ਆਗੂ ਰਹੇ ਮੌਜੂਦ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਮੌਜੂਦ ਸਨ। ਇਸ ਮੁਲਾਕਾਤ ਦੌਰਾਨ ਟਰੰਪ ਵੱਲੋਂ ਮੋਦੀ ਦੀ ਕੀਤੀ ਗਈ ਤਾਰੀਫ਼ ਨੇ ਅੰਤਰਰਾਸ਼ਟਰੀ ਪੱਧਰ ‘ਤੇ ਧਿਆਨ ਖਿੱਚਿਆ ਹੈ।



