Breaking News
ਜੰਮੂ-ਕਸ਼ਮੀਰ ‘ਚ ਚਰਪਟ ਜਵਾਨਾਂ ਲਈ ਬੁਲੇਟਪਰੂਫ ਜੈਕੇਟ ਪਹਿਨਣੀ ਲਾਜ਼ਮੀ

ਜੰਮੂ-ਕਸ਼ਮੀਰ ‘ਚ ਚਰਪਟ ਜਵਾਨਾਂ ਲਈ ਬੁਲੇਟਪਰੂਫ ਜੈਕੇਟ ਪਹਿਨਣੀ ਲਾਜ਼ਮੀ

ਚੈੱਕ ਪੋਸਟਾਂ ‘ਤੇ ਬੁਲੇਟਪਰੂਫ ਬੰਕਰ ਬਣਾਉਣ ਦੇ ਹੁਕਮ, ਮੋਬਾਈਲ ਫੋਨ ਦੀ ਵਰਤੋਂ ‘ਤੇ ਵੀ ਲੱਗੀ ਪਾਬੰਦੀ

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਬਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਤਾਇਨਾਤ ਆਪਣੀਆਂ ਸਾਰੀਆਂ ਇਕਾਈਆਂ ਨੂੰ ਸੁਰੱਖਿਆ ਪ੍ਰੋਟੋਕੋਲ ਹੋਰ ਸਖ਼ਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਹੁਕਮਾਂ ਤਹਿਤ ਡਿਊਟੀ ਦੌਰਾਨ ਜਵਾਨਾਂ ਲਈ ਬੁਲੇਟਪਰੂਫ ਜੈਕੇਟ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸਾਰੀਆਂ ਚੈੱਕ ਪੋਸਟਾਂ ‘ਤੇ ਬੁਲੇਟਪਰੂਫ ਬੰਕਰ ਬਣਾਉਣ ਅਤੇ ਪਹਿਲਾਂ ਤੋਂ ਮੌਜੂਦ ਬੰਕਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ। ਸੁਰੱਖਿਆ ਬਲਾਂ ਨੂੰ ਆਪਣੇ ਤਾਇਨਾਤੀ ਵਾਲੇ ਸਥਾਨਾਂ ‘ਤੇ ਹਰ ਸਮੇਂ ਚੌਕਸ ਰਹਿਣ ਦੀ ਹਦਾਇਤ ਵੀ ਦਿੱਤੀ ਗਈ ਹੈ।

ਕੁਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

CRPF ਵੱਲੋਂ ਇਹ ਨਵੇਂ ਨਿਰਦੇਸ਼ 11 ਨਵੰਬਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ CRPF ਦੀ ਇੱਕ ਚੈੱਕ ਪੋਸਟ ‘ਤੇ ਹੋਏ ਹਮਲੇ ਤੋਂ ਬਾਅਦ ਜਾਰੀ ਕੀਤੇ ਗਏ ਹਨ। ਇਸ ਹਮਲੇ ਵਿੱਚ ਤਿੰਨ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਨੇ ਸਥਾਈ ਤੌਰ ‘ਤੇ ਤਾਇਨਾਤ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਸਨ।

ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ CRPF ਦੀਆਂ ਕਰੀਬ 80 ਬਟਾਲੀਅਨਾਂ ਤਾਇਨਾਤ ਹਨ। ਇੱਥੇ ਵੱਖ-ਵੱਖ ਥਾਵਾਂ ‘ਤੇ 24 ਘੰਟੇ ਚੱਲਣ ਵਾਲੀਆਂ ਚੈੱਕ ਪੋਸਟਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ।

ਰੌਸ਼ਨੀ, ਨਿਗਰਾਨੀ ਅਤੇ ਸੰਚਾਰ ਪ੍ਰਣਾਲੀ ਮਜ਼ਬੂਤ ਕਰਨ ਦੇ ਹੁਕਮ

ਨਵੀਂ ਐਡਵਾਈਜ਼ਰੀ ਵਿੱਚ ਚੈੱਕ ਪੋਸਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਲੋੜੀਂਦੀ ਰੌਸ਼ਨੀ, ਬਿਹਤਰ ਨਿਗਰਾਨੀ ਅਤੇ ਪ੍ਰਭਾਵਸ਼ਾਲੀ ਸੰਚਾਰ ਪ੍ਰਣਾਲੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਡਿਊਟੀ ਦੌਰਾਨ ਜਵਾਨਾਂ ਨੂੰ ਮੋਬਾਈਲ ਫੋਨ ਦੀ ਵਰਤੋਂ ਸੀਮਤ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਦਾ ਧਿਆਨ ਡਿਊਟੀ ਤੋਂ ਨਾ ਭਟਕੇ ਅਤੇ ਕਾਰਜਕਾਰੀ ਜਾਣਕਾਰੀ ਦੀ ਸੁਰੱਖਿਆ ਬਣੀ ਰਹੇ।

ਅਧਿਕਾਰੀਆਂ ਨੂੰ ਖੁਦ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ

CRPF ਨੇ ਯੂਨਿਟ ਕਮਾਂਡੈਂਟਾਂ ਅਤੇ ਕੰਪਨੀ ਕਮਾਂਡਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਨਾਲ ਜੁੜੇ ਸਾਰੇ ਪ੍ਰਬੰਧ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ। ਅਧਿਕਾਰੀਆਂ ਨੂੰ ਖੁਦ ਮੌਕੇ ‘ਤੇ ਜਾ ਕੇ ਨਵੇਂ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ, ਪੁਲਿਸ ਨਾਲ ਤਾਲਮੇਲ ਰੱਖਣ ਅਤੇ ਜਵਾਨਾਂ ਨੂੰ ਨਵੀਆਂ ਹਦਾਇਤਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਅੱਤਵਾਦੀ ਹਮਲੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਨਿਰਧਾਰਤ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਅਤੇ ਜਵਾਬੀ ਕਾਰਵਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ