
ਅਕਾਲੀ ਦਲ ਨੂੰ ਵੱਡਾ ਝਟਕਾ, ਪਿੰਡ ਘਰਾਚੋਂ ਦੇ ਸਾਬਕਾ ਸਰਪੰਚ ਸਾਥੀਆਂ ਸਮੇਤ ਕਾਂਗਰਸ ਚ ਸ਼ਾਮਲ
ਸੰਗਰੂਰ: ਅਕਾਲੀ ਦਲ ਨੂੰ ਉਸ ਸਮੇਂ ਇੱਕ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਸਾਬਕਾ ਸਰਪੰਚ ਗੁਰਮੀਤ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਡਾ. ਸੋਨੀ ਸਿੰਘ, ਕਮਲਜੀਤ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਮੁਖਤਿਆਰ ਸਿੰਘ, ਗੁਰਧਿਆਨ ਸਿੰਘ, ਬਿਕਰਮਜੀਤ ਸਿੰਘ, ਗੁਰਸਵਰਨ ਸਿੰਘ ਅਤੇ ਹਰਮਨਜੀਤ ਸਿੰਘ ਨੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ। ਸਿੰਗਲਾ ਨੇ ਸਾਰੇ ਨਵੇਂ ਸਾਥੀਆਂ ਦਾ ਕਾਂਗਰਸ ਪਰਿਵਾਰ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸੰਗਰੂਰ ਵਿੱਚ ਲੋਕ ਹੁਣ ਸਿਰਫ਼ ਸਿਆਸੀ ਵਾਅਦਿਆਂ ਦੀ ਬਜਾਏ ਵਿਕਾਸ ਦੀ ਠੋਸ ਸੋਚ, ਲੋਕਾਂ ਨਾਲ ਖੜ੍ਹਨ ਵਾਲੀ ਸਿਆਸਤ ਅਤੇ ਇਲਾਕੇ ਦੀ ਤਰੱਕੀ ਲਈ ਸਪੱਸ਼ਟ ਵਿਜ਼ਨ ਨੂੰ ਤਰਜੀਹ ਦੇ ਰਹੇ ਹਨ।
ਸਿੰਗਲਾ ਨੇ ਕਿਹਾ ਕਿ ਸੰਗਰੂਰ ਦੇ ਵਿਕਾਸ ਲਈ ਉਨ੍ਹਾਂ ਦੀ ਸੋਚ ਕਿਸੇ ਇੱਕ ਚੋਣ ਜਾਂ ਸਿਆਸੀ ਮੌਕੇ ਤੱਕ ਸੀਮਤ ਨਹੀਂ, ਸਗੋਂ ਲੰਮੇ ਸਮੇਂ ਦੀ ਯੋਜਨਾਬੱਧ ਤਰੱਕੀ ਅਤੇ ਹਰ ਵਰਗ ਦੀ ਭਾਗੀਦਾਰੀ ’ਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਲੋਕ ਜਦੋਂ ਆਪਣੇ ਤਜਰਬੇ ਦੇ ਆਧਾਰ ’ਤੇ ਕਿਸੇ ਆਗੂ ਦੀ ਨੀਅਤ, ਕੰਮ ਅਤੇ ਵਿਜ਼ਨ ’ਤੇ ਭਰੋਸਾ ਕਰਦੇ ਹੋਏ ਉਸ ਨਾਲ ਜੁੜਦੇ ਹਨ ਤਾਂ ਇਹ ਉਸ ਸੋਚ ਦੀ ਸਭ ਤੋਂ ਵੱਡੀ ਪ੍ਰਵਾਨਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸੰਗਰੂਰ ਵਿੱਚ ਕਾਂਗਰਸ ਨਾਲ ਜੁੜ ਰਹੇ ਨਵੇਂ ਸਾਥੀ ਇਸ ਗੱਲ ਦਾ ਸੰਕੇਤ ਹਨ ਕਿ ਵਿਕਾਸ, ਲੋਕ-ਸੇਵਾ ਅਤੇ ਸੰਗਰੂਰ ਦੀ ਬਿਹਤਰੀ ਦੀ ਸਿਆਸਤ ਮੁੜ ਲੋਕਾਂ ਦੀ ਪਹਿਲ ਬਣ ਰਹੀ ਹੈ।
ਸਿੰਗਲਾ ਨੇ ਕਿਹਾ ਕਿ ਅਕਾਲੀ ਦਲ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਕਾਂਗਰਸ ਨਾਲ ਜੁੜਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਕਾਂਗਰਸ ਦਾ ਪਰਿਵਾਰ ਲਗਾਤਾਰ ਵੱਡਾ ਹੋ ਰਿਹਾ ਹੈ ਅਤੇ ਸੰਗਰੂਰ ਵਿੱਚ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਉਸ ਵਿਅਕਤੀ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇਗੀ ਜੋ ਨਿੱਜੀ ਸਿਆਸਤ ਤੋਂ ਉੱਪਰ ਉੱਠ ਕੇ ਸੰਗਰੂਰ ਦੀ ਤਰੱਕੀ, ਨੌਜਵਾਨਾਂ ਦੇ ਭਵਿੱਖ ਅਤੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦਾ ਹੈ



