ਗਿੱਦੜਬਾਹਾ ਦੀ ਨਵੀਂ ਅਨਾਜ ਮੰਡੀ ’ਚ ਕਰੀਬ 1 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਬਣਾਈਆ ਨਵੀਆਂ ਸੜਕਾਂ ’ਚ ਕਥਿਤ ਤੌਰ ’ਤੇ ਘਟੀਆ ਮਟੀਰੀਅਲ ਵਰਤੇ ਜਾਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਸੁਖਮੰਦਰ ਸਿੰਘ, ਭੋਲਾ ਸਿੰਘ ਅਤੇ ਤਾਰ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਬਣਾਈਆਂ ਜਾ ਰਹੀਆਂ ਇੰਨਾਂ ਸੜਕਾਂ ਵਿਚ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜਦੋਂ ਕਿ ਕਰੀਬ 4 ਦਿਨ ਪਹਿਲਾਂ ਬਣੀਆਂ ਲੁੱਕ-ਬੱਜਰੀ ਵਾਲੀਆਂ ਸੜਕਾਂ ਹੱਥ ਨਾਲ ਹੀ ਪੁੱਟੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਮੰਡੀ ਬੋਰਡ ਵਿਭਾਗ ਦੇ ਅਧੀਨ ਇਹ ਕੰਮ ਨਵੀਂ ਅਨਾਜ ਮੰਡੀ ਵਿਚ ਚੱਲ ਰਿਹਾ ਹੈ, ਉਸਦੇ ਐੱਸਡੀਓ ਅਤੇ ਹੋਰ ਅਮਲੇ ਦਾ ਦਫ਼ਤਰ ਵੀ ਅਨਾਜ ਮੰਡੀ ਵਿਖੇ ਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।
