20 ਹਥਿਆਰਬੰਦ ਨੌਜਵਾਨਾਂ ਨੇ ਸਵਾਰੀਆਂ ਨਾਲ ਭਰੀ ਬੱਸ ਤੇ ਕੀਤਾ ਹਮਲਾ , ਡਰਾਈਵਰ ਤੇ ਸਵਾਰੀਆਂ ਦੀ ਕੀਤੀ ਕੁੱਟ ਮਾਰ, ਪੁਲਿਸ ਮੁਲਾਜ਼ਮ ਦੀ ਵਰਦੀ ਵੀ ਫਾੜੀ
ਤੋੜ-ਫੋੜ,
ਦਸੂਹਾ (ਹੁਸ਼ਿਆਰਪੁਰ), 24 ਜੁਲਾਈ – ਦਸੂਹਾ ਇਲਾਕੇ ਵਿਚ ਅੱਜ ਦੇਰ ਸ਼ਾਮ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਦਸੂਹਾ ਬੱਸ ਅੱਡੇ ਤੋਂ ਤਲਵਾੜਾ ਵੱਲ ਜਾ ਰਹੀ ਸੀ, ਉਸ ਉੱਤੇ ਲਗਭਗ 20 ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਅੱਡਾ ਬਡਲਾ ਮੋੜ ਦੇ ਨੇੜੇ ਇਹ ਵਾਕਿਆ ਹੋਇਆ ਜਿੱਥੇ ਬੱਸ ਰੁਕਵਾਈ ਗਈ ਸੀ ਤਾਂ ਕਿ ਸਵਾਰੀਆਂ ਨੂੰ ਉਤਾਰਿਆ ਜਾ ਸਕੇ।
ਇਸ ਦੌਰਾਨ ਮੋਟਰਸਾਈਕਲਾਂ ‘ਤੇ ਆਏ ਨੌਜਵਾਨਾਂ ਨੇ ਬੱਸ ਵਿਚ ਦਾਖਲ ਹੋ ਕੇ ਡਰਾਈਵਰ ਬਲਵਿੰਦਰ ਸਿੰਘ ਉੱਤੇ ਹਮਲਾ ਕਰ ਦਿੱਤਾ। ਉਸ ਨੂੰ ਬਚਾਉਣ ਆਈਆਂ ਸਵਾਰੀਆਂ ਉੱਤੇ ਵੀ ਹਮਲਾ ਕੀਤਾ ਗਿਆ। ਹਮਲਾਵਰ ਨੌਜਵਾਨਾਂ ਕੋਲ ਤੇਗਾਂ ਅਤੇ ਗੰਡਾਸਿਆਂ ਵਰਗੇ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਬੱਸ ਦੇ ਸੀਸ਼ੇ ਵੀ ਤੋੜ ਦਿੱਤੇ।
ਇਸ ਬੱਸ ਵਿਚ ਸਵਾਰ ਇਕ ਪੁਲਿਸ ਮੁਲਾਜ਼ਮ ਨਰਿੰਦਰ ਸਿੰਘ ਨੇ ਜਦੋਂ ਹਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੀ ਵਰਦੀ ਵੀ ਫਾੜ ਦਿੱਤੀ। ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਜਦ ਉਹਨੇ ਇੰਨੀ ਖੁਲ੍ਹੀ ਗੁੰਡਾਗਰਦੀ ਦੇਖੀ ਜਿੱਥੇ ਗੁੰਡਿਆਂ ਨੂੰ ਪੁਲਿਸ ਦਾ ਵੀ ਕੋਈ ਖੌਫ ਨਹੀਂ ਸੀ।
ਵਾਕਏ ਦੀ ਜਾਣਕਾਰੀ ਮਿਲਦਿਆਂ ਦਸੂਹਾ ਪੁਲਿਸ ਮੌਕੇ ‘ਤੇ ਪੁੱਜੀ ਅਤੇ ਜ਼ਖਮੀ ਡਰਾਈਵਰ ਬਲਵਿੰਦਰ ਸਿੰਘ ਅਤੇ ਕੰਡਕਟਰ ਨੂੰ ਤੁਰੰਤ ਸਰਕਾਰੀ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਯਾਤਰੀਆਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
