ਸੁਨੀਲ ਜਾਖੜ ਦਾ ਤਿੱਖਾ ਹਮਲਾ: ਕਿਹਾ “ਪੰਜਾਬ ‘ਚ ਸਰਕਾਰ ਨਹੀਂ, ਸਿਆਸੀ ਗੈਂਗ ਚੱਲ ਰਿਹਾ ਹੈ”

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ AAP ਦੀ ਸਰਕਾਰ ਅਤੇ CM ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ। ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਨਹੀਂ, ਸਗੋਂ ਇੱਕ “ਸਿਆਸੀ ਗੈਂਗ” ਚੱਲ ਰਿਹਾ ਹੈ, ਜੋ ਵਿਰੋਧੀ ਆਗੂਆਂ ਅਤੇ ਸਿਆਸੀ ਮੁਖਾਲਫ਼ਤ ਕਰਨ ਵਾਲਿਆਂ ਨੂੰ ਡਰਾਉਣ ਅਤੇ ਧਮਕਾਉਣ ਦਾ ਕੰਮ ਕਰ ਰਿਹਾ ਹੈ।

ਜਾਖੜ ਨੇ ਕਿਹਾ, “ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ‘ਤੇ ਕਾਰਵਾਈ ਕਰਨ ਲਈ ਪੁਲਿਸ ਦੀ ਵਰਤੋਂ ਕਰ ਰਹੀ ਹੈ। ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ‘ਤੇ ਦਬਾਅ ਬਣਾਉਣਾ ਅਤੇ ਛਾਪੇ ਮਾਰਨਾ ਸਿਰਫ਼ ਇਹ ਸੰਦੇਸ਼ ਦੇਣ ਲਈ ਹੈ ਕਿ ਜੋ ਸਾਡੀ ਮਰਜ਼ੀ ਦੇ ਖ਼ਿਲਾਫ਼ ਜਾਵੇਗਾ, ਉਸਦੇ ਖ਼ਿਲਾਫ਼ ਕਾਰਵਾਈ ਹੋਏਗੀ

ਉਨ੍ਹਾਂ ਰਣਜੀਤ ਸਿੰਘ ਗਿੱਲ ਅਤੇ ਸੰਜੀਵ ਅਰੋੜਾ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਰਾਣੇ ਘੋਟਾਲਿਆਂ ‘ਤੇ ਚੁੱਪ ਸਾਧ ਲਈ ਗਈ ਹੈ, ਤੇ ਹੁਣ ਨਵੇਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਲੈਂਡ ਪੂਲਿੰਗ ਸਕੀਮ ਵਿੱਚ ਵੱਡੀ ਹੇਰਾਫੇਰੀ ਹੋਈ ਹੈ ਅਤੇ ਕਿਸਾਨਾਂ ਦੀ ਜ਼ਮੀਨ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੰਡੀਆਂ ਪਿੰਡ ਦੀ ਅਧਿਗ੍ਰਹਿਤ ਜ਼ਮੀਨ ਨੂੰ ਉਸਦੇ ਨਿਰਧਾਰਤ ਉਦੇਸ਼ ਤੋਂ ਹਟ ਕੇ ਵਰਤਿਆ ਗਿਆ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਵਾਪਸ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਆਪਣੀ ਜ਼ਮੀਨ ਅਤੇ ਹੱਕ ਲਈ ਆਵਾਜ਼ ਉਠਾਉਣ। ਜਾਖੜ ਨੇ ਤੰਜ ਕੱਸਦੇ ਹੋਏ ਕਿਹਾ:
“ਪੰਜਾਬ ‘ਚ ਹੁਣ ਲੋਕਤੰਤਰ ਨਹੀਂ, ਸਗੋਂ ਇੱਕ ਸਿਆਸੀ ਗੈਂਗ ਚੱਲ ਰਿਹਾ ਹੈ। ਸਰਕਾਰ ਦਾ ਮਕਸਦ ਵਿਕਾਸ ਨਹੀਂ, ਸਗੋਂ ਡਰ ਫੈਲਾਉਣਾ ਹੈ।”

Tags :