ਫਗਵਾੜਾ : ਤਾਜ਼ਾ ਖ਼ਬਰਾਂ ਅਨੁਸਾਰ, ਆਮ ਆਦਮੀ ਪਾਰਟੀ ਦੇ ਇੱਕ ਸਥਾਨਕ ਆਗੂ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ | ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਕਰੀਬ 1:30 ਵਜੇ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਫਗਵਾੜਾ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਬੜਤੋੜ ਗੋਲੀਬਾਰੀ ਕੀਤੀ।
ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਘਰ ਉੱਤੇ ਲਗਭਗ 14 ਤੋਂ 23 ਰਾਊਂਡ ਫਾਇਰ ਕੀਤੇ। ਗੋਲੀਬਾਰੀ ਦੀ ਘਟਨਾ ਸਮੇਂ ਆਗੂ ਦਲਜੀਤ ਰਾਜੂ, ਉਨ੍ਹਾਂ ਦੀ ਪਤਨੀ ਅਤੇ ਧੀ ਘਰ ਦੇ ਅੰਦਰ ਸੌਂ ਰਹੇ ਸਨ, ਪਰ ਗਨੀਮਤ ਰਹੀ ਕਿ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਗੋਲੀਆਂ ਲੱਗਣ ਨਾਲ ਘਰ ਦੀਆਂ ਖਿੜਕੀਆਂ ਅਤੇ ਕੰਧਾਂ ਨੂੰ ਨੁਕਸਾਨ ਪਹੁੰਚਿਆ ਹੈ।
ਡੀਐਸਪੀ ਸਮੇਤ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਕਈ ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਮਿਲੀ ਜਾਣਕਾਰੀ ਅਨੁਸਾਰ, ਘਟਨਾ ਸਥਾਨ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਵਾਲਾ ਇੱਕ ਹੱਥ ਲਿਖਤ ਧਮਕੀ ਭਰਿਆ ਨੋਟ ਵੀ ਮਿਲਿਆ ਹੈ, ਜਿਸ ਵਿੱਚ ਕਿਸੇ ਖਾਸ ਗੈਂਗ ਦਾ ਨਾਮ ਦੱਸਿਆ ਗਿਆ ਹੈ। ਦਲਜੀਤ ਰਾਜੂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਗਰਮੀ ਨਾਲ ਕੰਮ ਕਰਨ ਕਰਕੇ, ਪੁਲਿਸ ਇਸ ਹਮਲੇ ਨੂੰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਧਮਕੀ ਵਜੋਂ ਵੀ ਵੇਖ ਰਹੀ ਹੈ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਫਿਰੌਤੀ, ਗੈਂਗਸਟਰ ਗਤੀਵਿਧੀਆਂ ਅਤੇ ਡਰਾਉਣ-ਧਮਕਾਉਣ ਸਮੇਤ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ

#phagwaranews #daljitraju #phagwarafiringnews #punjabnews #trendingnews
