ਇੱਕੋ ਸਮੇਂ ਹੋਇਆ ਪਰਿਵਾਰ ਦੇ 4 ਜੀਆਂ ਦਾ ਅੰਤਿਮ ਸੰਸਕਾਰ

ਫਿਰੋਜ਼ਪੁਰ ਵਿੱਚ ਅੱਜ ਇੱਕ ਦਰਦਨਾਕ ਮਾਹੌਲ ਦੇ ਵਿਚਕਾਰ ਸੈਲੂਨ ਮਾਲਕ, ਉਸਦੀ ਪਤਨੀ ਅਤੇ ਦੋ ਮਾਸੂਮ ਬੇਟੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹਿਰ ਦੇ ਸ਼ਮਸ਼ਾਨ ਘਾਟ ‘ਚ ਜਿਵੇਂ ਹੀ ਚਾਰਾਂ ਦੀਆਂ ਚਿਤਾਵਾਂ ਨੂੰ ਅੱਗ ਦਿੱਤੀ ਗਈ, ਮੌਕੇ ‘ਤੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ।

ਅੰਤਿਮ ਸੰਸਕਾਰ ਦੌਰਾਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਦਕਿ ਉਥੇ ਮੌਜੂਦ ਰਿਸ਼ਤੇਦਾਰ, ਦੋਸਤ ਅਤੇ ਇਲਾਕੇ ਦੇ ਲੋਕ ਵੀ ਆਪਣੇ ਹੰਜੂ ਨਹੀਂ ਰੋਕ ਸਕੇ। ਹਰ ਕੋਈ ਇਸ ਦਰਦਨਾਕ ਘਟਨਾ ਨੂੰ ਕਿਸਮਤ ਅਤੇ ਰੱਬ ਦਾ ਕਹਿਰ ਦੱਸਦਾ ਨਜ਼ਰ ਆਇਆ।

ਦੱਸਣਯੋਗ ਹੈ ਕਿ ਪੁਲਿਸ ਵੱਲੋਂ ਚਾਰਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਅੰਤਿਮ ਸੰਸਕਾਰ ਦੀ ਰਸਮ ਅਦਾ ਕੀਤੀ ਗਈ।

ਪੁਲਿਸ ਅਧਿਕਾਰੀਆਂ ਮੁਤਾਬਕ, ਇਸ ਮਾਮਲੇ ਵਿੱਚ ਜਾਂਚ ਦੌਰਾਨ ਕੁਝ ਅਹਿਮ ਸੁਰਾਗ ਮਿਲੇ ਹਨ, ਪਰ ਜਾਂਚ ਜਾਰੀ ਹੋਣ ਕਾਰਨ ਉਹਨਾਂ ਬਾਰੇ ਇਸ ਸਮੇਂ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਪੁਲਿਸ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸੱਚ ਜਲਦੀ ਸਾਹਮਣੇ ਲਿਆਂਦਾ ਜਾਵੇਗਾ।