ਭਾਵੇਂ ਪਿਆਰ ਨਾਲ ਜਾਂ ਫਿਰ ਸਖ਼ਤੀ ਨਾਲ”: ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਟਰੰਪ ਨੇ ਦਿੱਤੀ ਖੁੱਲ੍ਹੀ ਚੇਤਾਵਨੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਗ੍ਰੀਨਲੈਂਡ ‘ਤੇ ਕਬਜ਼ਾ ਕਰਨ ਦੀ ਆਪਣੀ ਇੱਛਾ ਜ਼ਾਹਰ ਕਰਦਿਆਂ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਤੇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਹੋਈ ਇੱਕ ਮੀਟਿੰਗ ਦੌਰਾਨ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ ਕਿ ਉਹ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਭਾਵੇਂ ਇਸ ਲਈ ਤਾਕਤ ਦਾ ਇਸਤੇਮਾਲ ਹੀ ਕਿਉਂ ਨਾ ਕਰਨਾ ਪਵੇ

“ਸੌਖਾ ਤਰੀਕਾ ਜਾਂ ਔਖਾ ਰਸਤਾ”
ਟਰੰਪ ਨੇ ਡੈਨਮਾਰਕ ਦੀ ਪ੍ਰਭੂਸੱਤਾ ਨੂੰ ਦਰਕਿਨਾਰ ਕਰਦਿਆਂ ਕਿਹਾ, “ਅਸੀਂ ਗ੍ਰੀਨਲੈਂਡ ਬਾਰੇ ਕੁਝ ਕਰਨ ਜਾ ਰਹੇ ਹਾਂ, ਭਾਵੇਂ ਉਹ (ਡੈਨਮਾਰਕ) ਇਸ ਨੂੰ ਪਸੰਦ ਕਰਨ ਜਾਂ ਨਾ।” ਉਨ੍ਹਾਂ ਅੱਗੇ ਕਿਹਾ, “ਮੈਂ ਇੱਕ ਸੌਦੇਬਾਜ਼ੀ ਕਰਨਾ ਚਾਹਾਂਗਾ, ਜਾਣੀ ਕਿ ਸੌਖਾ ਤਰੀਕਾ। ਪਰ ਜੇਕਰ ਅਸੀਂ ਇਸਨੂੰ ਸੌਖੇ ਤਰੀਕੇ ਨਾਲ ਨਹੀਂ ਕਰਦੇ, ਤਾਂ ਅਸੀਂ ਇਸਨੂੰ ਔਖੇ ਤਰੀਕੇ (The Hard Way) ਨਾਲ ਕਰਾਂਗੇ

ਰੂਸ ਅਤੇ ਚੀਨ ਦਾ ਡਰ
ਰਾਸ਼ਟਰਪਤੀ ਟਰੰਪ ਮੁਤਾਬਕ ਖਣਿਜ ਪਦਾਰਥਾਂ ਨਾਲ ਭਰਪੂਰ ਇਸ ਟਾਪੂ ‘ਤੇ ਕਬਜ਼ਾ ਕਰਨਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਅਮਰੀਕਾ ਨੇ ਕਦਮ ਨਾ ਚੁੱਕਿਆ ਤਾਂ ਰੂਸ ਜਾਂ ਚੀਨ ਗ੍ਰੀਨਲੈਂਡ ‘ਤੇ ਕਬਜ਼ਾ ਕਰ ਸਕਦੇ ਹਨ। ਟਰੰਪ ਨੇ ਕਿਹਾ, “ਅਸੀਂ ਰੂਸ ਜਾਂ ਚੀਨ ਨੂੰ ਗ੍ਰੀਨਲੈਂਡ ‘ਤੇ ਕਬਜ਼ਾ ਨਹੀਂ ਕਰਨ ਦੇਵਾਂਗੇ

ਡੈਨਮਾਰਕ ਦੀ ਇਤਿਹਾਸਕ ਦਾਅਵੇਦਾਰੀ ‘ਤੇ ਸਵਾਲ
ਡੈਨਮਾਰਕ ਦੇ ਇਤਿਹਾਸਕ ਦਾਅਵੇ ‘ਤੇ ਚੁਟਕੀ ਲੈਂਦਿਆਂ ਟਰੰਪ ਨੇ ਕਿਹਾ, “ਸਿਰਫ਼ ਇਸ ਲਈ ਕਿ ਉਨ੍ਹਾਂ ਦੀ ਇੱਕ ਕਿਸ਼ਤੀ 500 ਸਾਲ ਪਹਿਲਾਂ ਉੱਥੇ ਪਹੁੰਚੀ ਸੀ, ਇਸਦਾ ਮਤਲਬ ਇਹ ਨਹੀਂ ਕਿ ਉਹ ਉਸ ਜ਼ਮੀਨ ਦੇ ਮਾਲਕ ਹਨ।” ਹਾਲਾਂਕਿ ਉਨ੍ਹਾਂ ਨੇ ਡੈਨਮਾਰਕ ਨੂੰ ਅਮਰੀਕਾ ਦਾ ਚੰਗਾ ਦੋਸਤ ਵੀ ਦੱਸਿਆ

EUROPE ਦੇਸ਼ਾਂ ਵਿੱਚ ਦਹਿਸ਼ਤ ਦਾ ਮਾਹੌਲ
ਟਰੰਪ ਦੇ ਇਸ ਬਿਆਨ ਤੋਂ ਬਾਅਦ ਡੈਨਮਾਰਕ ਅਤੇ ਹੋਰ ਯੂਰਪੀ ਸਹਿਯੋਗੀ ਦੇਸ਼ ਸਦਮੇ ਵਿੱਚ ਹਨ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੇ ਚੇਤਾਵਨੀ ਦਿੱਤੀ ਹੈ ਕਿ ਗ੍ਰੀਨਲੈਂਡ ‘ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਨਾਟੋ (NATO) ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਬਣੇ ਸੁਰੱਖਿਆ ਢਾਂਚੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦਾ ਹੈ।

ਅਗਲਾ ਕਦਮ ਕੀ?
ਆਉਣ ਵਾਲੇ ਹਫ਼ਤੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਡੈਨਮਾਰਕ ਦੇ ਵਿਦੇਸ਼ ਮੰਤਰੀ ਅਤੇ ਗ੍ਰੀਨਲੈਂਡ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਵਾਲੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕੂਟਨੀਤਕ ਗੱਲਬਾਤ ਕਿਸ ਦਿਸ਼ਾ ਵੱਲ ਜਾਂਦੀ ਹੈ

#TrumpLatestNews #TrumpWantsGreenland #trumpongreenland #trumpnews