ਪ੍ਰਤਾਪ ਬਾਜਵਾ ਦੀ ਟਿੱਪਣੀ ਨੇ ਪੂਰੇ ਦਲਿਤ ਸਮਾਜ ਦਾ ਅਪਮਾਨ, 24 ਘੰਟਿਆਂ ‘ਚ ਮਾਫ਼ੀ ਦੀ ਮੰਗ : ਹਰਪਾਲ ਚੀਮਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਸੂਬੇ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂਆਂ ਨੇ ਇਸ ਨੂੰ ਕਾਂਗਰਸ ਦੀ “ਦਲਿਤ ਵਿਰੋਧੀ ਮਾਨਸਿਕਤਾ” ਕਰਾਰ ਦਿੰਦਿਆਂ ਸਖ਼ਤ ਨਿਖੇਧੀ ਕੀਤੀ ਹੈ

ਮੰਤਰੀ ਹਰਪਾਲ ਸਿੰਘ ਚੀਮਾ, ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਾਂਝੇ ਤੌਰ ‘ਤੇ ਕਾਂਗਰਸ ਅਤੇ ਬਾਜਵਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 24 ਘੰਟਿਆਂ ਦੇ ਅੰਦਰ ਮਾਫ਼ੀ ਨਾ ਮੰਗੀ ਗਈ ਤਾਂ ਉਹ ਸਖ਼ਤ ਕਾਨੂੰਨੀ ਅਤੇ ਸਿਆਸੀ ਕਾਰਵਾਈ ਕਰਨਗੇ

“ਗਰੀਬੀ ‘ਚੋਂ ਉੱਠੇ ਆਗੂ ਦਾ ਅਪਮਾਨ ਬਰਦਾਸ਼ਤ ਨਹੀਂ” – ਹਰਪਾਲ ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰਭਜਨ ਸਿੰਘ ETO ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਅਤਿ ਦੀ ਗਰੀਬੀ ਵਿੱਚੋਂ ਉੱਠ ਕੇ ਆਪਣੀ ਮਿਹਨਤ ਨਾਲ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ ਅਤੇ ETO ਬਣੇ। ਉਨ੍ਹਾਂ ਕਿਹਾ:

“ਬਾਜਵਾ ਵੱਲੋਂ ਵਰਤੀ ਗਈ ਭਾਸ਼ਾ ਸਿਰਫ਼ ਇੱਕ ਮੰਤਰੀ ਦਾ ਨਹੀਂ, ਸਗੋਂ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਹੈ। ਕਾਂਗਰਸ ਹਮੇਸ਼ਾ ਦਲਿਤ ਆਗੂਆਂ ਨੂੰ ਨਿਸ਼ਾਨਾ ਬਣਾਉਂਦੀ ਆਈ ਹੈ। ਕਦੇ ਉਹ ਮੰਤਰੀਆਂ ਨੂੰ ‘ਮਟੀਰੀਅਲ’ ਕਹਿੰਦੇ ਹਨ ਅਤੇ ਹੁਣ ‘ਬਾਜੇ ਵਾਲੇ’ ਕਹਿ ਕੇ ਮਜ਼ਾਕ ਉਡਾ ਰਹੇ ਹਨ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਾਜਵਾ ਦੀ ਪੁਰਾਣੀ ਟਿੱਪਣੀ “ਅਰਬੀ ਘੋੜਿਆਂ ਦੀ ਥਾਂ ਦੇਸੀ ਟੱਟੂ” ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਜਵਾ ਦੀ ਸੋਚ ਹਮੇਸ਼ਾ ਗਰੀਬ ਅਤੇ ਮਜ਼ਦੂਰ ਵਰਗ ਦੇ ਖ਼ਿਲਾਫ਼ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਾਜਵਾ ਨੇ ਆਪਣੀ ਸਾਮੰਤੀ ਮਾਨਸਿਕਤਾ ਨਾ ਤਿਆਗੀ ਤਾਂ 2027 ਵਿੱਚ ਜਨਤਾ ਕਾਂਗਰਸ ਦਾ “ਬੈਂਡ-ਬਾਜਾ” ਵਜਾ ਕੇ ਘਰ ਤੋਰ ਦੇਵੇਗੀ।

ਮੀਡੀਆ ਇੰਚਾਰਜ ਬਲਤੇਜ ਪੰਨੂ ਦਾ ਤਿੱਖਾ ਹਮਲਾ
‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਕੀ ਕਿਸੇ ਮਿਹਨਤਕਸ਼ ਪਰਿਵਾਰ ਦਾ ਪੁੱਤਰ ਉੱਚੇ ਅਹੁਦੇ ‘ਤੇ ਨਹੀਂ ਪਹੁੰਚ ਸਕਦਾ? ਉਨ੍ਹਾਂ ਕਿਹਾ ਕਿ ਬਾਜਵਾ ਆਪਣੇ ਅੰਦਰ ਭਰੀ ਨਫ਼ਰਤ ਨੂੰ ਬਾਹਰ ਕੱਢ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ