
ਸੁਖਬੀਰ ਬਾਦਲ ‘ਤੇ ਬਲਤੇਜ ਪੰਨੂ ਦਾ ਤਿੱਖਾ ਤਨਜ਼, ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਕੱਸਿਆ ਸਿਆਸੀ ਨਿਸ਼ਾਨਾ
ਹਲਵਾਰਾ ਏਅਰਪੋਰਟ ਰਾਹੀਂ ਰਾਏਕੋਟ ਪਹੁੰਚਣ ਦੇ ਹਵਾਲੇ ਨਾਲ ਪੰਨੂ ਨੇ ਸਾਧਿਆ ਨਿਸ਼ਾਨਾ, ਕਪੂਰਥਲਾ ਵਾਲੇ ਬਿਆਨ ਅਤੇ ਪਟਾਕਿਆਂ ਦਾ ਵੀ ਕੀਤਾ ਜ਼ਿਕਰ
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤਿੱਖੀ ਬਿਆਨਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਗੱਠਜੋੜ ਦੀਆਂ ਸਿਆਸੀ ਚਰਚਾਵਾਂ ਨੂੰ ਲੈ ਕੇ ਤਨਜ਼ ਕੱਸਿਆ ਹੈ।
ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਆਪਣੀ ਪੋਸਟ ਵਿੱਚ ਦੇਸ਼ ਦੇ ਸਿਆਸੀ ਆਗੂਆਂ ਅਤੇ ਗੱਠਜੋੜ ਦੀਆਂ ਸੰਭਾਵਨਾਵਾਂ ਦਾ ਹਵਾਲਾ ਦਿੰਦਿਆਂ ਸੁਖਬੀਰ ਬਾਦਲ ‘ਤੇ ਵਿਅੰਗ ਕੀਤਾ।
ਪੰਨੂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਦੇਸ਼ ਦੇ ਸਭ ਤੋਂ ਤਾਕਤਵਰ ਵਿਅਕਤੀ ਅਤੇ ‘ਚਾਣਕਿਆ’ ਕਹੇ ਜਾਣ ਵਾਲੇ ਆਗੂ ਇਕ ਸਮਾਂ ਵਿਹਾ ਚੁੱਕੀ ਪਾਰਟੀ ਦੇ ਪ੍ਰਧਾਨ ਨਾਲ ਗੱਠਜੋੜ ਕਰਨ ਲਈ ਹਲਵਾਰਾ ਏਅਰਪੋਰਟ ਰਾਹੀਂ ਰਾਏਕੋਟ ਪਹੁੰਚੇ ਸਨ।
ਉਨ੍ਹਾਂ ਨੇ ਇਸ ਮੌਕੇ ਕਪੂਰਥਲਾ ਨੇੜੇ ਪਾਰਟੀ ਦੀ ਪ੍ਰਧਾਨਗੀ ਦੀ ਉਡੀਕ ਕਰ ਰਹੀ ਇੱਕ ਮਹਿਲਾ ਆਗੂ ਦਾ ਜ਼ਿਕਰ ਕਰਦਿਆਂ ਵੀ ਤਨਜ਼ ਕੱਸਿਆ। ਪੰਨੂ ਨੇ ਲਿਖਿਆ ਕਿ ਉਹ ਵਿਚਾਰੀ ਡੇਰੇ ਵਿੱਚ ਤੰਬੂ ਲਗਾ ਕੇ ਉਡੀਕਦੀ ਹੀ ਰਹਿ ਗਈ।
ਆਪਣੇ ਵਿਅੰਗ ਨੂੰ ਹੋਰ ਤਿੱਖਾ ਕਰਦਿਆਂ ਬਲਤੇਜ ਪੰਨੂ ਨੇ ਗੱਠਜੋੜ ਦੀ ਖੁਸ਼ੀ ਵਿੱਚ ਦੀਵਾਲੀ ਦੇ ਬਚੇ ਹੋਏ ਪਟਾਕੇ ਚਲਾਉਣ ਦਾ ਵੀ ਜ਼ਿਕਰ ਕੀਤਾ।



