ਕਹਿੰਦੇ ਹਨ ਪਿਆਰ ਕਦੇ ਵੀ ਜਾਤ-ਪਾਤ ਜਾ ਰੰਗ-ਰੂਪ ਦੇਖ ਕੇ ਨਹੀਂ ਹੁੰਦਾ। ਪਰ ਜੇਕਰ ਪਿਆਰ ਵਿੱਚ ਧੋਖਾ ਮਿਲ ਜਾਵੇ ਤਾ ਉਹ ਵਿਅਕਤੀ ਅੰਦਰੋਂ ਟੁੱਟ ਜਾਦਾ ਹੈ ਤੇ ਆਪਣੀ ਜ਼ਿੰਦਗੀ ਤੋਂ ਹਾਰ ਜਾਂਦਾ ਹੈ । ਪਿਆਰ ਵਿੱਚ ਧੋਖਾ ਵਿਅਕਤੀ ਨੂੰ ਅੰਦਰੋ ਤੋੜ ਦਿੰਦਾ ਹੈ। ਪਰ ਬਿਹਾਰ ਦੇ ਰਹਿਣ ਵਾਲੇ ਨੌਜ਼ਵਾਨ ਨੇ ਪਿਆਰ ਵਿੱਚ ਧੋਖਾ ਖਾ ਕੇ ਕੁੱਝ ਅਲੱਗ ਹੀ ਕਰ ਦਿਖਾਇਆ। ਜਿਸਨੇ ਪਿਆਰ ਵਿੱਚ ਮਿਲੇ ਧੋਖੇ ਨੂੰ ਆਪਣੀ ਤਾਕਤ ਬਣਾ ਲਿਆ ਤੇ ਉਸਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾ ਲਿਆ। ਦਰਅਸਲ ਬਿਹਾਰ ਦੇ ਸੀਵਾਨ ਦੇ ਸਟੇਸ਼ਨ ਰੋਡ ‘ਤੇ ਇੱਕ ਨੌਜਵਾਨ ਨੇ ‘ਬੇਵਫਾ ਟੀ ਸਟਾਲ’ ਨਾਂ ਦਾ ਚਾਹ ਦਾ ਸਟਾਲ ਖੋਲ੍ਹਿਆ ਹੋਇਆ ਹੈ। ਇਸ ਵਿਅਕਤੀ ਦਾ ਇਹ ਚਾਹ ਦਾ ਸਟਾਲ ਵੀ ਇਲਾਕੇ ਵਿੱਚ ਕਾਫੀ ਮਸ਼ਹੂਰ ਹੋ ਰਿਹਾ ਹੈ। ਜਦੋਂ ਸਟਾਲ ਖੋਲ੍ਹਣ ਵਾਲੇ ਨੌਜਵਾਨ ਭੋਲਾ ਤੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸ ਨਾਲ ਪਿਆਰ ਵਿੱਚ ਧੋਖਾ ਮਿਲਿਆ ਹੈ। ਇਸ ਤੋਂ ਬਾਅਦ ਧੋਖੇ ਨੂੰ ਧਿਆਨ ਵਿੱਚ ਰੱਖਦਿਆਂ ਉਸਨੇ ਬੇਵਫਾ ਟੀ ਸਟਾਲ ਦੇ ਨਾਂ ਨਾਲ ਚਾਹ ਦਾ ਸਟਾਲ ਲਗਾ ਦਿੱਤਾ ਹੈ ਪਰ ਹੁਣ ਇਸ ਤੋਂ ਚੰਗੀ ਆਮਦਨੀ ਹੋਣ ਲੱਗ ਪਈ ਹੈ। ਦੱਸ ਦਈਏ ਕਿ ਭੋਲਾ ਕੁਮਾਰ ਸ਼ਹਿਰ ਦੇ ਅੰਬੇਡਕਰ ਨਗਰ ਦਾ ਰਹਿਣ ਵਾਲਾ ਹੈ। ਭੋਲਾ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਸਨੂੰ ਡੀਏਵੀ ਕਾਲਜ ਵਿੱਚ ਪੜ੍ਹਦੇ ਇੱਕ ਇੰਟਰ ਵਿਦਿਆਰਥਣ ਦੇ ਨਾਲ ਪਿਆਰ ਹੋ ਗਿਆ ਸੀ। ਚਾਰ ਸਾਲ ਸਭ ਕੁਝ ਠੀਕ ਚੱਲਿਆ ਪਰ ਇਕ ਦਿਨ ਉਸਨੇ ਆਪਣੇ ਪਰਿਵਾਰ ਦੀ ਇੱਛਾ ਅਨੁਸਾਰ ਵਿਆਹ ਕਰਵਾ ਲਿਆ। ਭੋਲਾ ਨੇ ਕਿਹਾ ਕਿ ਉਦੋਂ ਤੋਂ ਉਹ ਪਾਗਲਾਂ ਵਾਂਗ ਰਹਿਣ ਲੱਗਾ। ਇਸਤੋਂ ਬਾਅਦ ਉਸਨੂੰ ਲੱਗਾ ਕਿ ਕੁਝ ਅਜਿਹਾ ਕੀਤਾ ਜਾਵੇ ਤਾਂ ਕਿ ਹੋਰ ਲੋਕ ਵੀ ਇਸ ਤਰ੍ਹਾਂ ਦੇ ਪਿਆਰ ‘ਚ ਨਾ ਪੈਣ। ਭੋਲਾ ਦਾ ਕਹਿਣਾ ਹੈ ਕਿ ਇੱਥੇ ਉਹ ਪਿਆਰ ਵਿੱਚ ਧੋਖਾ ਦੇਣ ਵਾਲੇ ਲੋਕਾਂ ਨੂੰ ਦਸ ਰੁਪਏ ਵਿੱਚ ਚਾਹ ਦੇ ਰਿਹਾ ਹਾਂ, ਜਦੋਂ ਕਿ ਪ੍ਰੇਮੀ ਜੋੜੇ ਨੂੰ ਉਹ 15 ਰੁਪਏ ਪ੍ਰਤੀ ਕੱਪ ਦੇ ਹਿਸਾਬ ਨਾਲ ਚਾਹ ਦਿੰਦਾ ਹੈ। ਭੋਲਾ ਦੇ ਇਸ ‘ਬੇਵਫਾ ਟੀ ਸਟਾਲ’ ਦੀ ਇਲਾਕੇ ‘ਚ ਕਾਫੀ ਚਰਚਾ ਹੈ।
