‘ਦਲਿਤ ਬਨਾਮ ਜੱਟ ਸਿੱਖ’ ਦਾ ਮੁੱਦਾ: ਚੰਨੀ ਦੇ ਬਿਆਨ ਨੇ ਹਿਲਾ ਕੇ ਰੱਖੀ ਸਿਆਸਤ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਦਰਮਿਆਨ ਸਿਆਸੀ ਗਲਿਆਰਿਆਂ ਵਿੱਚ ਜਾਤੀ ਸਮੀਕਰਨਾਂ ਨੂੰ ਲੈ ਕੇ ਇੱਕ ਨਵੀਂ ਚਰਚਾ ਛਿੜ ਗਈ ਹੈ। ਸਾਬਕਾ CM ਅਤੇ ਮੌਜੂਦਾ MP ਚਰਨਜੀਤ ਚੰਨੀ ਵੱਲੋਂ ਪਾਰਟੀ ਦੇ ਅਹੁਦਿਆਂ ਦੀ ਵੰਡ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਨੇ ਕਾਂਗਰਸ ਅੰਦਰੂਨੀ ਕਲੇਸ਼ ਨੂੰ ਮੁੜ ਜਨਤਕ ਕਰ ਦਿੱਤਾ ਹੈ

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, ਚੰਡੀਗੜ੍ਹ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਐਸਸੀ (SC) ਸੈੱਲ ਦੀ ਇੱਕ ਅਹਿਮ ਮੀਟਿੰਗ ਚੱਲ ਰਹੀ ਸੀ। ਇਸ ਮੀਟਿੰਗ ਵਿੱਚ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਦੇ ਉੱਚ ਅਹੁਦਿਆਂ ‘ਤੇ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਦੀ ਘਾਟ ਦਾ ਮੁੱਦਾ ਚੁੱਕਿਆ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਰਟੀ ਦੇ ਤਿੰਨ ਪ੍ਰਮੁੱਖ ਅਹੁਦੇ—ਸੂਬਾ ਪ੍ਰਧਾਨ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਅਤੇ ਸਟੂਡੈਂਟ ਵਿੰਗ (NSUI) ਦੇ ਪ੍ਰਧਾਨ—ਸਾਰੇ ਜੱਟ ਸਿੱਖ ਚਿਹਰੇ ਹਨ, ਉਨ੍ਹਾਂ ਇਹ ਵੀ ਕਿਹਾ, ਕਿ ਪਾਰਟੀ ‘ਚ ਦਲਿਤਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ

ਅਹੁਦਿਆਂ ਦੀ ਵੰਡ ‘ਤੇ ਚੁੱਕੇ ਸਵਾਲ
ਚੰਨੀ ਨੇ ਦੋਸ਼ ਲਾਇਆ ਕਿ ਦਲਿਤ ਭਾਈਚਾਰੇ ਨੂੰ ਪਾਰਟੀ ਦੀ ਮੁੱਖ ਲੀਡਰਸ਼ਿਪ ਵਿੱਚ ਬਣਦੀ ਅਹਿਮੀਅਤ ਨਹੀਂ ਮਿਲ ਰਹੀ। ਉਨ੍ਹਾਂ ਮੁਤਾਬਕ, ਜੇਕਰ ਦਲਿਤਾਂ ਨੂੰ ਅਗਵਾਈ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ, ਤਾਂ ਇਸ ਦਾ ਅਸਰ ਆਉਣ ਵਾਲੀਆਂ ਚੋਣਾਂ ‘ਤੇ ਪੈ ਸਕਦਾ ਹੈ

ਮੀਟਿੰਗ ‘ਚ ਹੋਇਆ ਹੰਗਾਮਾ
ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਚੰਨੀ ਇਹ ਮੁੱਦਾ ਚੁੱਕ ਰਹੇ ਸਨ, ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਆਲ ਇੰਡੀਆ ਕਾਂਗਰਸ ਦੇ ਐਸਸੀ ਸੈੱਲ ਦੇ ਪ੍ਰਧਾਨ ਰਾਜੇਂਦਰ ਪਾਲ ਗੌਤਮ ਅਤੇ ਪੰਜਾਬ ਸਹਿ-ਇੰਚਾਰਜ ਰਵਿੰਦਰ ਉੱਤਮ ਰਾਵ ਡਾਲਵੀ ਵੀ ਮੌਜੂਦ ਸਨ। ਚੰਨੀ ਦੇ ਬਿਆਨ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਉੱਥੇ ਮੌਜੂਦ SC ਆਗੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਚਰਚਾ ਹੈ ਕਿ ਸਥਿਤੀ ਵਿਗੜਦੀ ਦੇਖ ਚੰਨੀ ਦਾ ਮਾਈਕ ਤੱਕ ਬੰਦ ਕਰ ਦਿੱਤਾ ਗਿਆ

2027 ਦੀਆਂ ਚੋਣਾਂ ਦੀ ਦਸਤਕ
ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਦਲਿਤ ਵੋਟ ਬੈਂਕ (ਲਗਭਗ 32%) ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। 2027 ਦੀਆਂ ਚੋਣਾਂ ਤੋਂ ਪਹਿਲਾਂ ਚੰਨੀ ਵੱਲੋਂ ਇਹ ਮੁੱਦਾ ਚੁੱਕਣਾ ਕਿਤੇ ਨਾ ਕਿਤੇ ਪਾਰਟੀ ਅੰਦਰ ਆਪਣੀ ਸਥਿਤੀ ਮਜ਼ਬੂਤ ਕਰਨ ਅਤੇ ਦਲਿਤ ਵੋਟਰਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਹਾਈਕਮਾਂਡ ਇਸ ਅੰਦਰੂਨੀ ਖਿੱਚੋਤਾਣ ਨੂੰ ਕਿਵੇਂ ਸੰਭਾਲਦੀ ਹੈ ਅਤੇ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਇਨ੍ਹਾਂ ਸਵਾਲਾਂ ਦਾ ਕੀ ਜਵਾਬ ਦਿੰਦੀ ਹੈ

#PunjabPolitics

#CharanjitSinghChanni

#RajaWarring

#PunjabCongress

#DalitPolitics

#JatSikhVsDalit

#PunjabElections2027

#BreakingNewsPunjab

#PunjabNews