
ਗੋਲਡੀ ਬਰਾੜ FBI ਦੀ ‘10 ਮੋਸਟ ਵਾਂਟੇਡ ਭਗੌੜਿਆਂ’ ਦੀ ਸੂਚੀ ’ਚ ਸ਼ਾਮਲ
ਵਾਸ਼ਿੰਗਟਨ: ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫਬੀਆਈ (FBI) ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ ‘10 ਮੋਸਟ ਵਾਂਟੇਡ ਫਿਊਜਿਟਿਵਜ਼’ (10 Most Wanted Fugitives) ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਗੋਲਡੀ ਬਰਾੜ ਨੂੰ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ (OCG) ਦਾ ਕਥਿਤ ਉੱਤਰੀ ਅਮਰੀਕੀ ਮੁਖੀ ਦੱਸਿਆ ਗਿਆ ਹੈ। ਇਹ ਗਰੁੱਪ ਅੰਤਰਰਾਸ਼ਟਰੀ ਪੱਧਰ ’ਤੇ ਸਰਗਰਮ ਇੱਕ ਅਪਰਾਧਿਕ ਸਿੰਡੀਕੇਟ ਹੈ, ਜਿਸ ’ਤੇ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਹਿੰਸਕ ਅਪਰਾਧਾਂ ਨੂੰ ਅੰਜਾਮ ਦੇਣ ਦੇ ਦੋਸ਼ ਹਨ।
ਐੱਫਬੀਆਈ ਅਨੁਸਾਰ, ਇਸ ਗਰੁੱਪ ਦੀਆਂ ਕਥਿਤ ਗਤੀਵਿਧੀਆਂ ਵਿੱਚ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਹੱਤਿਆਵਾਂ, ਗੋਲੀਬਾਰੀ, ਕਤਲ, ਅਗਵਾ, ਫਿਰੌਤੀ, ਹਮਲੇ, ਮਨੁੱਖੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਵਰਗੇ ਗੰਭੀਰ ਅਪਰਾਧ ਸ਼ਾਮਲ ਹਨ।
ਜਾਣਕਾਰੀ ਮੁਤਾਬਕ, 1 ਜੁਲਾਈ ਨੂੰ ਲਾਸ ਏਂਜਲਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਸਤਿੰਦਰਜੀਤ ਸਿੰਘ ਖ਼ਿਲਾਫ਼ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ’ਤੇ ਰੀਕੋ (RICO) ਕਾਨੂੰਨ ਤਹਿਤ ਅਪਰਾਧਿਕ ਸਾਜ਼ਿਸ਼, ਫਿਰੌਤੀ ਰਾਹੀਂ ਵਪਾਰਕ ਗਤੀਵਿਧੀਆਂ ਵਿੱਚ ਦਖ਼ਲ ਦੇਣ ਅਤੇ ਅਜਿਹਾ ਕਰਨ ਦੀ ਕੋਸ਼ਿਸ਼ ਦੀ ਸਾਜ਼ਿਸ਼ ਰਚਣ ਸਮੇਤ ਨਸ਼ੀਲੇ ਪਦਾਰਥਾਂ ਦੀ ਵੰਡ ਅਤੇ ਵੰਡਣ ਦੇ ਇਰਾਦੇ ਨਾਲ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ।
ਐੱਫਬੀਆਈ ਲਾਸ ਏਂਜਲਸ ਦੇ ਸਹਾਇਕ ਨਿਰਦੇਸ਼ਕ ਇੰਚਾਰਜ ਪੈਟ੍ਰਿਕ ਗ੍ਰੈਂਡੀ ਨੇ ਕਿਹਾ ਕਿ ਸਤਿੰਦਰਜੀਤ ਸਿੰਘ ਨੂੰ ਉਸ ਦੀ ਕਥਿਤ ਹਿੰਸਕ ਪ੍ਰਵਿਰਤੀ ਅਤੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਦੇ ਮੱਦੇਨਜ਼ਰ ਏਜੰਸੀ ਦੀ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਸੂਚੀ ਉਨ੍ਹਾਂ ਭਗੌੜੇ ਅਪਰਾਧੀਆਂ ਲਈ ਹੈ, ਜਿਨ੍ਹਾਂ ਨੂੰ ਐੱਫਬੀਆਈ ਜਨਤਾ ਦੀ ਸੁਰੱਖਿਆ ਲਈ ਗ੍ਰਿਫ਼ਤਾਰ ਕਰਨਾ ਬੇਹੱਦ ਜ਼ਰੂਰੀ ਸਮਝਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਏਜੰਸੀ ਉਦੋਂ ਤੱਕ ਸੰਤੁਸ਼ਟ ਨਹੀਂ ਹੋਵੇਗੀ, ਜਦੋਂ ਤੱਕ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਮਰੀਕੀ ਅਦਾਲਤ ਵਿੱਚ ਉਸ ਦੇ ਖ਼ਿਲਾਫ਼ ਲੱਗੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪੇਸ਼ ਨਹੀਂ ਕੀਤਾ ਜਾਂਦਾ।
‘ਆਪਰੇਸ਼ਨ ਹਾਰਡ ਬਾਲ’ ਤਹਿਤ ਕਈ ਸਾਥੀ ਗ੍ਰਿਫ਼ਤਾਰ
ਐੱਫਬੀਆਈ ਦੀ ਜਾਣਕਾਰੀ ਅਨੁਸਾਰ, ਗੋਲਡੀ ਬਰਾੜ ਦੇ ਕਈ ਕਥਿਤ ਸਹਿ-ਸਾਜ਼ਿਸ਼ਕਰਤਾਵਾਂ ਨੂੰ ‘ਆਪਰੇਸ਼ਨ ਹਾਰਡ ਬਾਲ’ ਤਹਿਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਭਾਰਤੀ ਅਪਰਾਧਿਕ ਗਰੁੱਪਾਂ ਦੀਆਂ ਗਤੀਵਿਧੀਆਂ ਦੀ ਜਾਂਚ ਲਈ ਕਈ ਸਾਲਾਂ ਤੱਕ ਚੱਲਿਆ ਸੰਘੀ ਜਾਂਚ ਅਭਿਆਨ ਸੀ।
ਜਾਂਚ ਦੌਰਾਨ ਗੈਰ-ਕਾਨੂੰਨੀ ਵਸੂਲੀ, ਨਿਸ਼ਾਨਾ ਬਣਾ ਕੇ ਹੱਤਿਆਵਾਂ, ਗੋਲੀਬਾਰੀ, ਫਿਰੌਤੀ, ਅੰਤਰਰਾਸ਼ਟਰੀ ਸਰਹੱਦਾਂ ਪਾਰ ਨਸ਼ੀਲੇ ਪਦਾਰਥਾਂ ਦੀ ਵੱਡੇ ਪੱਧਰ ’ਤੇ ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਖ਼ਾਸ ਤੌਰ ’ਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ’ਤੇ ਅਸਰ ਪੈਣ ਦੀ ਗੱਲ ਵੀ ਕਹੀ ਗਈ ਹੈ।
ਗੋਲਡੀ ਬਰਾੜ ਤੋਂ ਇਲਾਵਾ ਇਸ ਮਾਮਲੇ ਵਿੱਚ ਬਾਕੀ ਰਹਿੰਦੇ ਭਗੌੜਿਆਂ ਵਿੱਚ ਮੇਜਰ ਸਿੰਘ, ਸੁਖਰਾਜ ਸਿੰਘ ਕੰਗ, ਕਮਲ (ਜਿਸ ਦਾ ਪੂਰਾ ਨਾਮ ਨਹੀਂ ਦਿੱਤਾ ਗਿਆ) ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।
ਕਈ ਦੇਸ਼ਾਂ ਵਿੱਚ ਫੈਲਿਆ ਹੈ ਬਿਸ਼ਨੋਈ ਗਰੁੱਪ ਦਾ ਨੈੱਟਵਰਕ
ਐੱਫਬੀਆਈ ਦੇ ਅਨੁਸਾਰ, ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦਾ ਮੁੱਖ ਕੇਂਦਰ ਭਾਰਤ ਵਿੱਚ ਹੈ ਅਤੇ ਇਸ ਦੇ ਹਜ਼ਾਰਾਂ ਮੈਂਬਰ ਤੇ ਸਹਿਯੋਗੀ ਅਮਰੀਕਾ, ਕੈਨੇਡਾ, ਬ੍ਰਿਟੇਨ, ਯੂਰਪ ਅਤੇ ਆਸਟ੍ਰੇਲੀਆ ਵਿੱਚ ਸਰਗਰਮ ਹਨ।
ਇਸ ਗਰੁੱਪ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਸੂਬੇ ਵਿੱਚ ਲਾਰੈਂਸ ਬਿਸ਼ਨੋਈ ਦੀ ਅਗਵਾਈ ਹੇਠ ਹੋਈ ਦੱਸੀ ਜਾਂਦੀ ਹੈ। ਸਿੰਘ ਖ਼ਿਲਾਫ਼ ਦਾਇਰ ਸੰਘੀ ਦੋਸ਼ ਪੱਤਰ (ਇੰਡਾਈਟਮੈਂਟ) ਅਨੁਸਾਰ, 2010 ਦੇ ਦਹਾਕੇ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਲਾਰੈਂਸ ਬਿਸ਼ਨੋਈ ਨੇ ਵਿਦਿਆਰਥੀ ਆਗੂ ਵਜੋਂ ਆਪਣੀ ਪਛਾਣ ਬਣਾਈ ਅਤੇ ਆਪਣੇ ਆਲੇ-ਦੁਆਲੇ ਸਾਥੀਆਂ ਤੇ ਸਮਰਥਕਾਂ ਦਾ ਨੈੱਟਵਰਕ ਤਿਆਰ ਕੀਤਾ। ਬਾਅਦ ਵਿੱਚ ਉਸ ਨੇ ਕੈਂਪਸ ਦੀ ਰਾਜਨੀਤੀ ਛੱਡ ਕੇ ਇਸ ਨੈੱਟਵਰਕ ਨੂੰ ਕਥਿਤ ਤੌਰ ’ਤੇ ਇੱਕ ਅਪਰਾਧਿਕ ਗਰੁੱਪ ਵਿੱਚ ਤਬਦੀਲ ਕਰ ਦਿੱਤਾ।
ਦੋਸ਼ ਪੱਤਰ ਮੁਤਾਬਕ, ਗਰੁੱਪ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਚਲਾਉਣ ਲਈ ਬਿਸ਼ਨੋਈ ਨੇ ਆਪਣੇ ਭਰੋਸੇਮੰਦ ਸਾਥੀਆਂ ਅਤੇ ਵੱਖ-ਵੱਖ ਖੇਤਰਾਂ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ।
ਜਨਤਾ ਨੂੰ ਗੋਲਡੀ ਬਰਾੜ ਤੋਂ ਦੂਰ ਰਹਿਣ ਦੀ ਅਪੀਲ
ਐੱਫਬੀਆਈ ਨੇ ਆਮ ਲੋਕਾਂ ਨੂੰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨਾਲ ਕਿਸੇ ਵੀ ਤਰ੍ਹਾਂ ਦਾ ਸਿੱਧਾ ਸੰਪਰਕ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਏਜੰਸੀ ਨੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਉਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਥਾਨਕ ਐੱਫਬੀਆਈ ਦਫ਼ਤਰ, ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ 1-800-CALL-FBI (1-800-225-5324) ’ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਪੈਟ੍ਰਿਕ ਗ੍ਰੈਂਡੀ ਨੇ ਕਿਹਾ ਕਿ ਐੱਫਬੀਆਈ ਲੋਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੂਚਨਾਵਾਂ ਅਤੇ ਸੁਰਾਗਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕ ਗੁਪਤ ਤਰੀਕੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਪਛਾਣ ਤੇ ਦਿੱਤੀ ਗਈ ਜਾਣਕਾਰੀ ਦੀ ਗੁਪਤਤਾ ਬਣਾਈ ਰੱਖੀ ਜਾਵੇਗੀ।



