UPSC CAPF ਪ੍ਰੀਖਿਆ ’ਚ ਹਰਮਨਪ੍ਰੀਤ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ, ਆਲ ਇੰਡੀਆ 78ਵਾਂ ਰੈਂਕ ਹਾਸਲ

ਸਥਾਨਕ ਸ਼ਹਿਰ ਦੇ ਵਸਨੀਕ ਡਾ. ਬਿਕਰਜੀਤ ਸਿੰਘ ਸਾਧੂਵਾਲਾ ਅਤੇ ਵੀਰਪਾਲ ਕੌਰ ਸਾਧੂਵਾਲਾ ਦੀ ਹੋਣਹਾਰ ਧੀ ਹਰਮਨਪ੍ਰੀਤ ਕੌਰ ਨੇ ਯੂ.ਪੀ.ਐੱਸ.ਸੀ. ਵੱਲੋਂ ਕਰਵਾਈ ਗਈ ਸੀ.ਏ.ਪੀ.ਐੱਫ. ਅਸਿਸਟੈਂਟ ਕਮਾਂਡੈਂਟ ਪ੍ਰੀਖਿਆ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ ਪੱਧਰ ’ਤੇ 78ਵਾਂ ਰੈਂਕ ਹਾਸਲ ਕੀਤਾ ਹੈ। ਉਸ ਦੀ ਇਸ ਉਪਲਬਧੀ ਨਾਲ ਪਰਿਵਾਰ ਦੇ ਨਾਲ-ਨਾਲ ਪੂਰੇ ਸ਼ਹਿਰ ਦਾ ਨਾਮ ਵੀ ਰੌਸ਼ਨ ਹੋਇਆ ਹੈ।

ਹਰਮਨਪ੍ਰੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਖੁਸ਼ੀ ਵਿੱਚ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਹਰਮਨਪ੍ਰੀਤ ਕੌਰ ਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਉਸ ਦੀ ਇਸ ਕਾਮਯਾਬੀ ਨੂੰ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਦੱਸਿਆ।

ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੇ ਪਿਤਾ ਡਾ. ਬਿਕਰਜੀਤ ਸਿੰਘ ਸਾਧੂਵਾਲਾ ਅਤੇ ਮਾਤਾ ਵੀਰਪਾਲ ਕੌਰ ਸਰਕਾਰੀ ਅਧਿਆਪਕ ਹਨ। ਡਾ. ਬਿਕਰਜੀਤ ਸਿੰਘ ਸਾਧੂਵਾਲਾ ਸਮਾਜ ਸੇਵੀ ਕਾਰਜਾਂ ਵਿੱਚ ਵੀ ਸਰਗਰਮੀ ਨਾਲ ਯੋਗਦਾਨ ਪਾਉਂਦੇ ਹਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ।

ਹਰਮਨਪ੍ਰੀਤ ਕੌਰ ਦੀ ਇਸ ਉਪਲਬਧੀ ’ਤੇ ਇਲਾਕਾ ਵਾਸੀਆਂ ਨੇ ਮਾਣ ਪ੍ਰਗਟ ਕਰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।