ਪਿੰਡ ਖਿੜਕੀਆਂ ਵਾਲਾ ’ਚ ਪਤੀ ਵਲੋਂ ਪਤਨੀ ਦੀ ਗਲਾ ਘੁੱਟ ਕੇ ਹੱਤਿਆ, ਦੋਸ਼ੀ ਫ਼ਰਾਰ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖਿੜਕੀਆਂ ਵਾਲਾ ਵਿਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਦੀ ਕਥਿਤ ਤੌਰ ’ਤੇ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਟਭਾਈ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ।

ਥਾਣਾ ਕੋਟਭਾਈ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਪੁਲਿਸ ਟੀਮ ਜਦੋਂ ਮੌਕੇ ’ਤੇ ਪਹੁੰਚੀ ਤਾਂ ਘਰ ਦੇ ਇੱਕ ਕਮਰੇ ਵਿੱਚ ਮਹਿਲਾ ਦੀ ਲਾਸ਼ ਪਈ ਹੋਈ ਸੀ। ਮ੍ਰਿਤਕਾ ਦੀ ਪਛਾਣ ਗੁਰਸ਼ਮਿੰਦਰ ਕੌਰ (35) ਪਤਨੀ ਨੀਲਾ ਸਿੰਘ ਵਜੋਂ ਹੋਈ ਹੈ।

ਪੁਲਿਸ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇੰਸਪੈਕਟਰ ਰਾਜਵੀਰ ਸਿੰਘ ਸਰਾਂ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਤਫ਼ਤੀਸ਼ ਤੋਂ ਬਾਅਦ ਹੀ ਹੱਤਿਆ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।