ਨਕਲੀ ਕੈਂਸਰ ਦਵਾਈਆਂ ਵੇਚਣ ਵਾਲੇ ਅੰਤਰ-ਰਾਜੀ ਸਿੰਡੀਕੇਟ ਦਾ ਪਰਦਾਫਾਸ਼, 17 ਗ੍ਰਿਫ਼ਤਾਰ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਅੰਤਰ-ਰਾਜੀ ਸੈੱਲ (ISC), ਕ੍ਰਾਈਮ ਬ੍ਰਾਂਚ ਨੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀਆਂ ਨਕਲੀ ਅਤੇ ਗੈਰ-ਕਾਨੂੰਨੀ ਦਵਾਈਆਂ ਦਾ ਵਪਾਰ ਕਰਨ ਵਾਲੇ ਇੱਕ ਵੱਡੇ ਅੰਤਰ-ਰਾਜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 17 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਪੁਲਿਸ ਨੇ ਛਾਪੇਮਾਰੀ ਦੌਰਾਨ ਮੌਕੇ ਤੋਂ ਭਾਰੀ ਮਾਤਰਾ ਵਿੱਚ ਨਕਲੀ ਸਮੱਗਰੀ ਬਰਾਮਦ ਕੀਤੀ ਹੈ, ਜਿਸ ਵਿੱਚ 588 ਭਰੀਆਂ ਸ਼ੀਸ਼ੀਆਂ, 6 ਖਾਲੀ ਸ਼ੀਸ਼ੀਆਂ, 7 ਖਾਲੀ ਦਵਾਈਆਂ ਦੇ ਡੱਬੇ ਅਤੇ ਹੋਰ ਦਵਾਈਆਂ ਦੀਆਂ 3,021 ਯੂਨਿਟਾਂ ਸ਼ਾਮਲ ਹਨ। ਬਰਾਮਦ ਕੀਤੇ ਗਏ ਸਾਮਾਨ ਅਤੇ ਨਕਦੀ ਦੀ ਕੁੱਲ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ।

ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਅਪਰਾਧਿਕ ਸਿੰਡੀਕੇਟ ਦਾ ਜਾਲ ਦੇਸ਼ ਦੇ ਕਈ ਹਿੱਸਿਆਂ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ ਦਾ ਨੈੱਟਵਰਕ ਮੁੱਖ ਤੌਰ ‘ਤੇ ਦਿੱਲੀ-ਐਨਸੀਆਰ, ਮੁੰਬਈ, ਹੈਦਰਾਬਾਦ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲਿਆ ਹੋਇਆ ਸੀ, ਜਿੱਥੇ ਇਹ ਗਿਰੋਹ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕਰਕੇ ਨਕਲੀ ਦਵਾਈਆਂ ਸਪਲਾਈ ਕਰ ਰਿਹਾ ਸੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੀ ਪੂਰੀ ਸਪਲਾਈ ਚੇਨ ਦਾ ਪਤਾ ਲਗਾਉਣ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਇਸ ਰੈਕੇਟ ਵਿੱਚ ਸ਼ਾਮਿਲ ਹੋਰਨਾਂ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਛਾਪੇਮਾਰੀ ਜਾਰੀ ਹੈ। ਕੈਂਸਰ ਵਰਗੀ ਜਾਨਲੇਵਾ ਬਿਮਾਰੀ ਦੀਆਂ ਨਕਲੀ ਦਵਾਈਆਂ ਵੇਚਣ ਵਾਲੇ ਇਸ ਗਿਰੋਹ ਦੇ ਫੜੇ ਜਾਣ ਨਾਲ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।