ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਂਪ ਨਾਲ ਜੁੜੀ CBI ਦੀ ਕਾਰਵਾਈ ਨੂੰ ਲੈ ਕੇ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਕੇਜਰੀਵਾਲ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਕਰੀਬ ਦੋ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ’ਚ CBI ਦੀ ਰੇਡ ਭਾਜਪਾ ਦੀ ਕਥਿਤ ਬੌਖਲਾਹਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬੀਆਂ ਨਾਲ ਕਈ ਮੁੱਦਿਆਂ ’ਤੇ ਧੱਕਾ ਕੀਤਾ ਗਿਆ ਹੈ।
ਆਪ ਆਗੂ ਨੇ ਕਿਸਾਨ ਅੰਦੋਲਨ, ਪੰਜਾਬ ਦੇ ਪਾਣੀਆਂ ਅਤੇ ਪੰਜਾਬ ਯੂਨੀਵਰਸਿਟੀ ਸਮੇਤ ਕਈ ਮਾਮਲਿਆਂ ਦਾ ਜ਼ਿਕਰ ਕਰਦਿਆਂ ਕੇਂਦਰ ਸਰਕਾਰ ’ਤੇ ਸੂਬੇ ਨਾਲ ਵਿਤਕਰੇ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵੱਲੋਂ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨਾਲ ਵੀ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
‘ED-CBI ਦੇ ਸਹਾਰੇ ਚੋਣ ਲੜਨਾ ਚਾਹੁੰਦੀ ਹੈ BJP’
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਵਿੱਚ ਸਿੱਧੇ ਚੋਣ ਮੈਦਾਨ ਰਾਹੀਂ ਜਿੱਤ ਹਾਸਲ ਨਹੀਂ ਕਰ ਸਕਦੀ, ਇਸ ਲਈ ਉਹ ED ਅਤੇ CBI ਵਰਗੀਆਂ ਕੇਂਦਰੀ ਏਜੰਸੀਆਂ ਦੇ ਸਹਾਰੇ ਸਿਆਸੀ ਲੜਾਈ ਲੜਨਾ ਚਾਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਆਪਣਾ ਮਨ ਬਣਾ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਸ ਕਾਰਵਾਈ ਦਾ ਜਵਾਬ ਵੋਟ ਰਾਹੀਂ ਦੇਣਗੇ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬੀ ਭਗਵੰਤ ਮਾਨ ਨੂੰ 100 ਤੋਂ ਵੱਧ ਸੀਟਾਂ ਨਾਲ ਮੁੜ ਜਿਤਾ ਕੇ ਮੁੱਖ ਮੰਤਰੀ ਬਣਾਉਣਗੇ।

