ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫ਼ਿਸ ’ਤੇ CBI ਦੀ ਕਾਰਵਾਈ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਜਪਾ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸੰਧਵਾਂ ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਅਤੇ ਦਬਾਅ ਦੀ ਰਾਜਨੀਤੀ ਨਾਲ ਜੋੜਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਦੇ ਲੋਕਾਂ ਦੇ ਹੌਸਲੇ ਨਹੀਂ ਤੋੜੇ ਜਾ ਸਕਦੇ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਚੋਣਾਂ ਤੋਂ ਠੀਕ ਦੋ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਆਫ਼ਿਸ ’ਤੇ CBI ਦੀ ਰੇਡ ਭਾਜਪਾ ਦੀ ਬੁਖ਼ਲਾਹਟ ਅਤੇ ਘਟੀਆ ਰਾਜਨੀਤੀ ਦਾ ਸਬੂਤ ਹੈ
ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਰਾਹੀਂ ਪੰਜਾਬੀਆਂ ਨੂੰ ਡਰਾਉਣ ਜਾਂ ਦਬਾਉਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਸੰਧਵਾਂ ਮੁਤਾਬਕ ਪੰਜਾਬ ਦੇ ਲੋਕ ਆਪਣੇ ਹੱਕਾਂ ਅਤੇ ਆਪਣੇ ਫ਼ੈਸਲਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਜਾਗਰੂਕ ਹਨ।
‘ਪੰਜਾਬੀਆਂ ਦੇ ਹੌਸਲੇ ਨਹੀਂ ਤੋੜੇ ਜਾ ਸਕਦੇ’
ਸੰਧਵਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਜਿਹੀਆਂ ਧਮਕੀਆਂ ਪੰਜਾਬੀਆਂ ਦੇ ਹੌਸਲੇ ਨਹੀਂ ਤੋੜ ਸਕਦੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਸਲ ਚਿੰਤਾ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿਲੋਂ ਸਵੀਕਾਰ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀਆਂ ਦੀ ਤਾਕਤ ਦੇ ਸਹਾਰੇ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਭਰੋਸਾ ਨਹੀਂ ਖੋਹਿਆ ਜਾ ਸਕਦਾ।
‘ਲੋਕਾਂ ਦਾ ਪਿਆਰ ਏਜੰਸੀਆਂ ਦੇ ਜ਼ੋਰ ’ਤੇ ਨਹੀਂ ਖੋਹਿਆ ਜਾ ਸਕਦਾ’
ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਲੋਕਾਂ ਦਾ ਫ਼ੈਸਲਾ ਸਭ ਤੋਂ ਉੱਪਰ ਹੈ। ਉਨ੍ਹਾਂ ਦੇ ਮੁਤਾਬਕ ਜੇਕਰ ਕਿਸੇ ਪਾਰਟੀ ਨੂੰ ਲੋਕਾਂ ਦਾ ਸਮਰਥਨ ਹਾਸਲ ਹੈ ਤਾਂ ਉਸਨੂੰ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਰਾਹੀਂ ਖ਼ਤਮ ਨਹੀਂ ਕੀਤਾ ਜਾ ਸਕਦਾ
