Breaking News
ਲੁਧਿਆਣਾ ‘ਚ ਨੌਜਵਾਨ ‘ਤੇ ਜਾਨਲੇਵਾ ਹਮਲਾ, ਬਾਈਕ ਸਵਾਰ ਦੋ ਅਣਪਛਾਤੇ ਮੁਲਜ਼ਮਾਂ ਨੇ ਚਲਾਈਆ ਗੋਲੀਆ

ਲੁਧਿਆਣਾ ‘ਚ ਨੌਜਵਾਨ ‘ਤੇ ਜਾਨਲੇਵਾ ਹਮਲਾ, ਬਾਈਕ ਸਵਾਰ ਦੋ ਅਣਪਛਾਤੇ ਮੁਲਜ਼ਮਾਂ ਨੇ ਚਲਾਈਆ ਗੋਲੀਆ

ਲੁਧਿਆਣਾ ਵਿੱਚ ਦੋ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇੱਕ ਨੌਜਵਾਨ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਸੜਕ ‘ਤੇ ਨੌਜਵਾਨ ਨੂੰ ਰੋਕ ਕੇ ਉਸ ‘ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੇਟ ਵਿੱਚ ਲੱਗੀ। ਗੋਲੀ ਲੱਗਣ ਕਾਰਨ ਨੌਜਵਾਨ ਮੌਕੇ ‘ਤੇ ਹੀ ਡਿੱਗ ਪਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਜ਼ਖਮੀ ਹੋਣ ਦੇ ਬਾਵਜੂਦ ਉਸ ਨੇ ਹਿੰਮਤ ਦਿਖਾਈ ਅਤੇ ਆਪਣੀ ਐਕਟਿਵਾ ਚੁੱਕ ਕੇ ਖੁਦ ਘਰ ਪਹੁੰਚ ਗਿਆ।

ਜਾਣਕਾਰੀ ਮੁਤਾਬਕ, ਰਾਮ ਨਗਰ ਦੀ ਰਹਿਣ ਵਾਲੀ ਰੀਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਵਿਕਾਸ 14 ਨਵੰਬਰ 2026 ਨੂੰ ਕੰਮ ਲਈ ਆਪਣੀ ਐਕਟਿਵਾ ‘ਤੇ ਘਰੋਂ ਨਿਕਲਿਆ ਸੀ। ਜਦੋਂ ਉਹ EWS ਕਲੋਨੀ ਕਰਾਸਿੰਗ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ।

ਸ਼ਿਕਾਇਤ ਅਨੁਸਾਰ, ਇੱਕ ਮੁਲਜ਼ਮ ਨੇ ਪਿਸਤੌਲ ਕੱਢ ਕੇ ਵਿਕਾਸ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਗੋਲੀ ਉਸ ਦੇ ਪੇਟ ਵਿੱਚ ਲੱਗੀ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਪਿਆ। ਕੁਝ ਸਮੇਂ ਬਾਅਦ ਵਿਕਾਸ ਨੇ ਖੁਦ ਨੂੰ ਸੰਭਾਲਿਆ ਅਤੇ ਆਪਣੀ ਐਕਟਿਵਾ ‘ਤੇ ਘਰ ਪਹੁੰਚ ਗਿਆ।

ਘਰ ਪਹੁੰਚਣ ‘ਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖਿਆ ਤਾਂ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਵਿਕਾਸ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਵਿਕਾਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਉੱਧਰ, ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਨੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।