
ਮੈਡ ਸੰਧੂ ਕਤਲਕਾਂਡ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੂਜਾ ਮੁੱਖ ਸ਼ੂਟਰ ਦੀਪਕ ਦਿੱਲੀ ਤੋਂ ਗ੍ਰਿਫ਼ਤਾਰ
ਅੰਮ੍ਰਿਤਸਰ: ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਕਤਲਕਾਂਡ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਮਾਮਲੇ ਵਿੱਚ ਫਰਾਰ ਚੱਲ ਰਹੇ ਦੂਜੇ ਮੁੱਖ ਸ਼ੂਟਰ ਦੀਪਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗ੍ਰਿਫ਼ਤਾਰੀ ਵਿੱਚ ਦਿੱਲੀ ਪੁਲਿਸ ਨੇ ਵੀ ਅਹਿਮ ਭੂਮਿਕਾ ਨਿਭਾਈ।
ਮੁੱਢਲੀ ਜਾਣਕਾਰੀ ਮੁਤਾਬਕ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੀਪਕ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ। ਉਹ ਕਈ ਸੂਬਿਆਂ ਵਿੱਚ ਲੁਕਣ ਤੋਂ ਬਾਅਦ ਦਿੱਲੀ ਪਹੁੰਚਿਆ, ਜਿੱਥੇ ਆਪਣੀ ਪਛਾਣ ਛੁਪਾ ਕੇ ਵੱਖ-ਵੱਖ ਹੋਟਲਾਂ ਅਤੇ ਪੀਜੀ ਵਿੱਚ ਰਹਿ ਰਿਹਾ ਸੀ। ਆਖਰਕਾਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ
ਮੰਗਲਵਾਰ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ ਦੀਪਕ
ਜਾਣਕਾਰੀ ਅਨੁਸਾਰ, ਦੀਪਕ ਇਸ ਸਮੇਂ ਸੋਮਵਾਰ ਤੱਕ ਦਿੱਲੀ ਪੁਲਿਸ ਦੀ ਰਿਮਾਂਡ ‘ਤੇ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ ਅੰਮ੍ਰਿਤਸਰ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਵੇਗੀ। ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕਰਕੇ ਕਤਲਕਾਂਡ ਨਾਲ ਜੁੜੀਆਂ ਹੋਰ ਅਹਿਮ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ
ਵਿਦੇਸ਼ ਬੈਠਾ ‘ਜੋਰਾ’ ਨਿਕਲਿਆ ਗਿਰੋਹ ਦਾ ਅਸਲ ਸਰਗਨਾ
ਇਸ ਮਾਮਲੇ ਦੀ ਜਾਂਚ ਦੌਰਾਨ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਵਿੱਚ ਬੈਠਾ ‘ਜੋਰਾ’ ਕਤਲ ਅਤੇ ਫਿਰੌਤੀ ਨਾਲ ਜੁੜੇ ਗਿਰੋਹ ਦਾ ਅਸਲ ਸਰਗਨਾ ਹੈ। ਪੁਲਿਸ ਜਾਂਚ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ



