Breaking News
ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ASP-DSP ਰੈਂਕ ਦੇ 274 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ

ਪੰਜਾਬ ਪੁਲਿਸ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ASP-DSP ਰੈਂਕ ਦੇ 274 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ

ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਪੁਲਿਸ ਅਦਾਰੇ ਦੀ ਸਥਾਪਨਾ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਏਐੱਸਪੀ ਅਤੇ ਡੀਐੱਸਪੀ ਰੈਂਕ ਦੇ ਕੁੱਲ 274 ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪੰਜਾਬ ਪੁਲਿਸ ਦੇ ਗੁਪਤ ਸੈਕਸ਼ਨ-2 ਵੱਲੋਂ 21 ਨਵੰਬਰ 2026 ਨੂੰ ਜਾਰੀ ਕੀਤੇ ਗਏ ਹਨ। ਸਾਰੇ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਰੀ ਹੁਕਮਾਂ ਤਹਿਤ ਕਈ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ, ਸਬ-ਡਿਵੀਜ਼ਨਾਂ ਅਤੇ ਵਿਸ਼ੇਸ਼ ਪੁਲਿਸ ਵਿੰਗਾਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਫੇਰਬਦਲ ਵਿੱਚ ਨਵੇਂ ਅਧਿਕਾਰੀਆਂ ਦੀ ਤਾਇਨਾਤੀ ਦੇ ਨਾਲ-ਨਾਲ ਕੁਝ ਅਧਿਕਾਰੀਆਂ ਨੂੰ ਤਰੱਕੀ ਅਤੇ ਸਿਖਲਾਈ ਪੂਰੀ ਹੋਣ ਤੋਂ ਬਾਅਦ ਵੀ ਨਵੀਂ ਪੋਸਟਿੰਗ ਦਿੱਤੀ ਗਈ ਹੈ।

ਹੁਕਮਾਂ ਅਨੁਸਾਰ ਪਰਾਸ ਗਰਗ ਨੂੰ ਮੁੱਢਲੀ ਸਿਖਲਾਈ ਪੂਰੀ ਕਰਨ ਉਪਰੰਤ ਅੰਮ੍ਰਿਤਸਰ ਦੀ ਕੇਂਦਰੀ ਸਬ-ਡਿਵੀਜ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਨੂੰ ਏਸੀਪੀ ਡਿਟੈਕਟਿਵ ਜਲੰਧਰ ਤੋਂ ਬਦਲ ਕੇ ਡੀਐੱਸਪੀ ਸਾਈਬਰ ਕ੍ਰਾਈਮ ਅਤੇ ਫੋਰੈਂਸਿਕਸ, ਐੱਸਏਐੱਸ ਨਗਰ ਵਿਖੇ ਭੇਜਿਆ ਗਿਆ ਹੈ। ਅਮਰਬੀਰ ਸਿੰਘ ਨੂੰ ਜਲੰਧਰ ਦੀ ਪੱਛਮੀ ਸਬ-ਡਿਵੀਜ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਮੋਹਿਤ ਕੁਮਾਰ ਨੂੰ ਹੁਸ਼ਿਆਰਪੁਰ ਦੀ ਦਸੂਹਾ ਸਬ-ਡਿਵੀਜ਼ਨ ਵਿੱਚ ਡੀਐੱਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਆਤਿਸ਼ ਭਾਟੀਆ ਨੂੰ ਡੀਐੱਸਪੀ ਲਹਿਰਾਗਾਗਾ, ਅੰਗਰੇਜ ਸਿੰਘ ਨੂੰ ਲੁਧਿਆਣਾ ਦੇ ਗਿੱਲ (ਦੱਖਣੀ) ਖੇਤਰ ਅਤੇ ਪ੍ਰਿਤਪਾਲ ਸਿੰਘ ਨੂੰ ਬਠਿੰਡਾ ਦੀ ਭੁੱਚੋ ਸਬ-ਡਿਵੀਜ਼ਨ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।

ਪਟਿਆਲਾ ਜ਼ਿਲ੍ਹੇ ਵਿੱਚ ਵੀ ਵੱਡੀ ਗਿਣਤੀ ਵਿੱਚ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਸ ਤਹਿਤ ਪਟਿਆਲਾ ਦਿਹਾਤੀ, ਪਾਤੜਾਂ (ਸ਼ੁਤਰਾਣਾ), ਸਮਾਣਾ ਅਤੇ ਸਿਟੀ-2 ਸਮੇਤ ਕਈ ਅਹਿਮ ਸਬ-ਡਿਵੀਜ਼ਨਾਂ ਵਿੱਚ ਅਧਿਕਾਰੀਆਂ ਦੀ ਨਵੀਂ ਨਿਯੁਕਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਲੇਰਕੋਟਲਾ, ਲੁਧਿਆਣਾ, ਫਿਰੋਜ਼ਪੁਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਵੀ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਵਿਸ਼ੇਸ਼ ਪੁਲਿਸ ਵਿੰਗਾਂ ਵਿੱਚ ਵੀ ਕਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਕ੍ਰਿਸ਼ਨ ਕੁਮਾਰ ਨੂੰ ਸਪੈਸ਼ਲ ਸਕਿਓਰਿਟੀ ਗਰੁੱਪ (SSG), ਕਰਨੈਲ ਸਿੰਘ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF), ਵਿਕਾਸ ਅਬਰੋਲ ਨੂੰ ਸਾਈਬਰ ਕ੍ਰਾਈਮ ਵਿੰਗ ਅਤੇ ਅਨੀਤਾ ਸੈਣੀ ਨੂੰ ਪਹਿਲੀ ਆਈਆਰਬੀ ਪਟਿਆਲਾ ਵਿੱਚ ਤਾਇਨਾਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਕਈ ਅਧਿਕਾਰੀਆਂ ਨੂੰ ਕਮਾਂਡੋ ਬਟਾਲੀਅਨਾਂ, ਨਾਰਕੋਟਿਕਸ ਵਿੰਗ, ਟੈਕਨੀਕਲ ਸਪੋਰਟ ਸਰਵਿਸਿਜ਼ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਵੱਖ-ਵੱਖ ਵਿਭਾਗਾਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਪੰਜਾਬ ਪੁਲਿਸ ਵਿੱਚ ਹੋਏ ਇਸ ਵੱਡੇ ਫੇਰਬਦਲ ਨੂੰ ਸੂਬੇ ਦੇ ਪੁਲਿਸ ਪ੍ਰਸ਼ਾਸਨਿਕ ਢਾਂਚੇ ਵਿੱਚ ਅਹਿਮ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ।