
ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ: 274 ਏਐੱਸਪੀ ਤੇ ਡੀਐੱਸਪੀ ਅਧਿਕਾਰੀਆਂ ਦੇ ਤਬਾਦਲੇ, ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ
ਚੰਡੀਗੜ੍ਹ: ਪੰਜਾਬ ਪੁਲੀਸ ਵਿੱਚ ਵੱਡੇ ਪੱਧਰ ’ਤੇ ਪ੍ਰਸ਼ਾਸਕੀ ਫੇਰਬਦਲ ਕਰਦਿਆਂ 274 ਏਐੱਸਪੀ ਅਤੇ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲੀਸ ਹੈੱਡਕੁਆਰਟਰ ਚੰਡੀਗੜ੍ਹ ਵੱਲੋਂ ਪੁਲੀਸ ਸਥਾਪਨਾ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਤਬਦੀਲੀ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ, ਪੁਲੀਸ ਰੇਂਜਾਂ ਅਤੇ ਵਿਸ਼ੇਸ਼ ਇਕਾਈਆਂ ਵਿੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਬਦਲੀਆਂ ਗਈਆਂ ਹਨ।
ਇਸ ਤਬਾਦਲਾ ਸੂਚੀ ਵਿੱਚ ਹਾਲ ਹੀ ਵਿੱਚ ਇੰਸਪੈਕਟਰ ਤੋਂ ਡੀਐੱਸਪੀ ਵਜੋਂ ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀਆਂ ਦੇ ਨਾਲ-ਨਾਲ ਸਿਖਲਾਈ ਪੂਰੀ ਕਰਕੇ ਪਰਤੇ ਅਧਿਕਾਰੀਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਹੁਕਮਾਂ ਅਨੁਸਾਰ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਆਪਣੇ ਮੌਜੂਦਾ ਅਹੁਦਿਆਂ ਤੋਂ ਫਾਰਗ ਹੋ ਕੇ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਅਹੁਦਾ ਸੰਭਾਲਣ ਅਤੇ ਇਸ ਦੀ ਰਿਪੋਰਟ ਪੁਲੀਸ ਹੈੱਡਕੁਆਰਟਰ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਅਹਿਮ ਤਾਇਨਾਤੀਆਂ
ਤਬਾਦਲਿਆਂ ਤਹਿਤ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਠਿੰਡਾ, ਮੋਗਾ, ਸੰਗਰੂਰ, ਫਾਜ਼ਿਲਕਾ ਅਤੇ ਮੁਹਾਲੀ ਸਮੇਤ ਕਈ ਅਹਿਮ ਜ਼ਿਲ੍ਹਿਆਂ ਵਿੱਚ ਨਵੇਂ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਅੰਮ੍ਰਿਤਸਰ ਵਿੱਚ 2024 ਬੈਚ ਦੇ ਆਈਪੀਐੱਸ ਅਧਿਕਾਰੀ ਪਾਰਸ ਗਰਗ ਨੂੰ ਏਐੱਸਪੀ ਸਬ-ਡਿਵੀਜ਼ਨ ਸੈਂਟਰਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਹੈਦਰਾਬਾਦ ਦੀ ਕੌਮੀ ਪੁਲੀਸ ਅਕੈਡਮੀ ਤੋਂ ਮੁੱਢਲੀ ਸਿਖਲਾਈ ਪੂਰੀ ਕਰਨ ਉਪਰੰਤ ਵਾਪਸ ਪਰਤੇ ਹਨ।
ਲੁਧਿਆਣਾ ਵਿੱਚ ਅਮਨਦੀਪ ਸਿੰਘ ਨੂੰ ਏਸੀਪੀ ਗਿੱਲ (ਦੱਖਣੀ), ਸੁਖਵਿੰਦਰ ਸਿੰਘ ਬਰਾੜ ਨੂੰ ਏਸੀਪੀ ਸਾਹਨੇਵਾਲ, ਗੁਰਪ੍ਰੀਤ ਸਿੰਘ ਨੂੰ ਏਸੀਪੀ ਉੱਤਰੀ, ਅਨਵਰ ਅਲੀ ਨੂੰ ਏਸੀਪੀ ਪੱਛਮੀ ਅਤੇ ਸਤੀਸ਼ ਕੁਮਾਰ ਨੂੰ ਏਸੀਪੀ ਕੇਂਦਰੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੀਪਇੰਦਰ ਸਿੰਘ ਨੂੰ ਏਸੀਪੀ ਟਰੈਫਿਕ-1 ਅਤੇ ਇੰਦਰਜੀਤ ਸਿੰਘ ਨੂੰ ਏਸੀਪੀ ਡਿਟੈਕਟਿਵ-1 ਦਾ ਚਾਰਜ ਦਿੱਤਾ ਗਿਆ ਹੈ।
ਜਲੰਧਰ ਵਿੱਚ ਸੁਰਿੰਦਰ ਸਿੰਘ ਨੂੰ ਏਸੀਪੀ ਡਿਟੈਕਟਿਵ, ਮੋਹਿਤ ਕੁਮਾਰ ਨੂੰ ਏਸੀਪੀ ਪੱਛਮੀ ਅਤੇ ਓਂਕਾਰ ਸਿੰਘ ਨੂੰ ਏਸੀਪੀ ਕੇਂਦਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਉੱਧਰ, ਮੁਹਾਲੀ ਵਿੱਚ ਵਰਿੰਦਰ ਸਿੰਘ ਖੋਸਾ ਨੂੰ ਡੀਐੱਸਪੀ ਡੇਰਾਬੱਸੀ ਅਤੇ ਅਮਰਬੀਰ ਸਿੰਘ ਨੂੰ ਡੀਐੱਸਪੀ ਸਾਈਬਰ ਅਪਰਾਧ ਤੇ ਫੋਰੈਂਸਿਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਸਾਈਬਰ ਅਪਰਾਧ ਅਤੇ ਖੁਫ਼ੀਆ ਇਕਾਈਆਂ ਵਿੱਚ ਵੀ ਤਬਦੀਲੀਆਂ
ਵੱਡੇ ਪੱਧਰ ’ਤੇ ਕੀਤੇ ਗਏ ਇਸ ਪ੍ਰਸ਼ਾਸਕੀ ਫੇਰਬਦਲ ਦਾ ਅਸਰ ਪੁਲੀਸ ਦੀਆਂ ਵਿਸ਼ੇਸ਼ ਇਕਾਈਆਂ ’ਤੇ ਵੀ ਪਿਆ ਹੈ। ਸਾਈਬਰ ਅਪਰਾਧ, ਨਸ਼ਾ ਵਿਰੋਧੀ ਟਾਸਕ ਫੋਰਸ, ਖੁਫ਼ੀਆ ਵਿੰਗ, ਕਾਊਂਟਰ ਇੰਟੈਲੀਜੈਂਸ ਅਤੇ ਵਿਸ਼ੇਸ਼ ਅਪਰਾਧਾਂ ਨਾਲ ਨਜਿੱਠਣ ਵਾਲੀਆਂ ਇਕਾਈਆਂ ਵਿੱਚ ਵੀ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਤਰੱਕੀ ਪ੍ਰਾਪਤ ਕਈ ਅਧਿਕਾਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸਬ-ਡਿਵੀਜ਼ਨਾਂ ਵਿੱਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਦੀ ਜਾਂਚ ਨਾਲ ਸਬੰਧਤ ਪੁਲੀਸ ਇਕਾਈਆਂ ਵਿੱਚ ਵੀ ਅਧਿਕਾਰੀਆਂ ਦੀ ਅਦਲਾ-ਬਦਲੀ ਕੀਤੀ ਗਈ ਹੈ।
ਪੁਲੀਸ ਹੈੱਡਕੁਆਰਟਰ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਅਧਿਕਾਰੀ ਬਿਨਾਂ ਦੇਰੀ ਆਪਣੀਆਂ ਨਵੀਆਂ ਤਾਇਨਾਤੀਆਂ ਵਾਲੀਆਂ ਥਾਵਾਂ ’ਤੇ ਜੁਆਇਨ ਕਰਨ ਅਤੇ ਕਾਰਜਭਾਰ ਸੰਭਾਲਣ ਸਬੰਧੀ ਰਿਪੋਰਟ ਭੇਜਣ। ਪੁਲੀਸ ਵਿਭਾਗ ਵੱਲੋਂ ਇਹ ਵਿਆਪਕ ਫੇਰਬਦਲ ਪ੍ਰਸ਼ਾਸਕੀ ਲੋੜਾਂ ਅਤੇ ਪੁਲੀਸ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਕੀਤਾ ਗਿਆ ਹੈ।



