ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਨੂੰ ਲੈ ਕੇ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਮੈਂਡੀ ਤੱਖਰ ਅਤੇ ਉਨ੍ਹਾਂ ਦੇ ਪਤੀ ਸ਼ੇਖਰ ਕੌਸ਼ਲ ਨੇ ਕਾਨੂੰਨੀ ਤੌਰ ’ਤੇ ਆਪਣੇ ਵਿਆਹਿਕ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ਹੈ। ਦਿੱਲੀ ਦੀ ਪਰਿਵਾਰਕ ਅਦਾਲਤ (ਫੈਮਿਲੀ ਕੋਰਟ) ਨੇ ਦੋਵਾਂ ਦੀ ਆਪਸੀ ਸਹਿਮਤੀ ਨਾਲ ਦਾਖ਼ਲ ਕੀਤੀ ਗਈ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਅਦਾਕਾਰਾ ਦੇ ਵਕੀਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਦਾਲਤ ਵਿੱਚ ਤਲਾਕ ਸੰਬੰਧੀ ਪਹਿਲੀ ਅਰਜ਼ੀ (ਫ਼ਰਸਟ ਮੋਸ਼ਨ) ਮਨਜ਼ੂਰ ਹੋ ਚੁੱਕੀ ਹੈ। ਹਾਲਾਂਕਿ ਤਲਾਕ ਦੀਆਂ ਸ਼ਰਤਾਂ, ਸਮਝੌਤੇ ਅਤੇ ਹੋਰ ਨਿੱਜੀ ਵੇਰਵੇ ਪੂਰੀ ਤਰ੍ਹਾਂ ਗੁਪਤ ਰੱਖੇ ਗਏ ਹਨ।
ਜ਼ਿਕਰਯੋਗ ਹੈ ਕਿ ਮੈਂਡੀ ਤੱਖਰ ਅਤੇ ਸ਼ੇਖਰ ਕੌਸ਼ਲ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਹੋਇਆ ਸੀ। ਦੋਵਾਂ ਵੱਲੋਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮਾਮਲੇ ’ਤੇ ਅਦਾਕਾਰਾ ਜਾਂ ਉਨ੍ਹਾਂ ਦੇ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ।

