ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਇੱਕ ਨਵਾਂ ਖੁਲਾਸਾ ਹੋਇਆ ਹੈ। ਦਰਅਸਲ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਲਈ ਵਰਤਿਆ ਗਿਆ ਹਥਿਆਰ ਪਾਕਿਸਤਾਨੀ ਨੌਜਵਾਨ ਨੇ ਸਪਲਾਈ ਕੀਤਾ ਸੀ। ਨੌਜਵਾਨ ਦੀ ਪਛਾਣ ਹਾਮਿਦ ਵਜੋਂ ਹੋਈ ਹੈ, ਜੋ ਇਸ ਸਮੇਂ ਦੁਬਈ ਵਿੱਚ ਰਹਿੰਦਾ ਹੈ।
ਏਜੰਸੀ ਦੇ ਅਧਿਕਾਰੀਆਂ ਮੁਤਾਬਕ ਸਿੱਧੂ ਦੇ ਕਤਲ ਲਈ ਹਥਿਆਰ ਦੇਣ ਤੋਂ ਪਹਿਲਾਂ ਹਾਮਿਦ ਨੇ ਦੁਬਈ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਸ਼ਾਹਬਾਜ਼ ਅੰਸਾਰੀ ਨਾਲ ਮੁਲਾਕਾਤ ਕੀਤੀ ਸੀ। ਐਨਆਈਏ ਵੱਲੋਂ ਪੇਸ਼ ਦਸਤਾਵੇਜ਼ਾਂ ਮੁਤਾਬਕ ਅੰਸਾਰੀ ਕਤਲ ਤੋਂ ਪਹਿਲਾਂ ਕਈ ਵਾਰ ਦੁਬਈ ਗਿਆ ਸੀ ਅਤੇ ਪਾਕਿਸਤਾਨੀ ਨਾਗਰਿਕ ਫੈਜ਼ੀ ਖ਼ਾਨ ਦੇ ਸੰਪਰਕ ਵਿੱਚ ਵੀ ਆਇਆ ਸੀ। ਇਹ ਫੈਜ਼ੀ ਖਾਨ ਹੀ ਸੀ ਜਿਸ ਨੇ ਅੰਸਾਰੀ ਨੂੰ ਹਾਮਿਦ ਨਾਲ ਮਿਲਾਇਆ ਸੀ। ਹਾਮਿਦ ਨੇ ਖੁਦ ਕਿਹਾ ਕਿ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਹੈ ਅਤੇ ਉਸ ਨੂੰ ਕਈ ਵਾਰ ਹਥਿਆਰ ਮੁਹੱਈਆ ਕਰਵਾਏ ਹਨ।
